![](https://parvasinewspaper.com/wp-content/uploads/2024/05/Vijay-Sampla-2.jpg)
ਵਿਜੇ ਸਾਂਪਲਾ ਨੂੰ ਦਿੱਤੀ ਲੁਧਿਆਣਾ ਦੀ ਕਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ 13 ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਜਿਸ ਵਿਚ ਸਭ ਤੋਂ ਅਹਿਮ ਨਾਮ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਹੈ। ਵਿਜੇ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਹਲਕੇ ਦੀ ਜ਼ਿੰਮੇਵਾਰੀ ਸੌਂਪੀ ਹੈ। ਦੱਸਣਯੋਗ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਰਕੇ ਵਿਜੇ ਸਾਂਪਲਾ ਪਿਛਲੇ ਕਈ ਦਿਨਾਂ ਤੋਂ ਨਰਾਜ਼ ਚੱਲ ਰਹੇ ਸਨ। ਸਾਂਪਲਾ ਦੀ ਨਰਾਜ਼ਗੀ ਦੂਰ ਕਰਨ ਲਈ ਸੁਨੀਲ ਜਾਖੜ ਵੀ ਉਨ੍ਹਾਂ ਦੇ ਘਰ ਪਹੁੰਚੇ ਸਨ। ਜਿਸ ਤੋਂ ਬਾਅਦ ਵਿਜੇ ਸਾਂਪਲਾ ਨੇ ਸਪੱਸ਼ਟ ਕੀਤਾ ਸੀ ਕਿ ਉਹ ਭਾਜਪਾ ਵਿਚ ਹੀ ਰਹਿਣਗੇ ਅਤੇ ਕਿਸੇ ਹੋਰ ਵੀ ਸਿਆਸੀ ਪਾਰਟੀ ਵਿਚ ਨਹੀਂ ਜਾਣਗੇ। ਇਸਦੇ ਚੱਲਦਿਆਂ ਹੁਣ ਸਾਂਪਲਾ ਨੂੰ ਲੁਧਿਆਣਾ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦੋਂ ਭਾਜਪਾ ਨੇ ਰਵਨੀਤ ਬਿੱਟੂ ਨੂੰ ਉਮੀਦਵਾਰ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਬਠਿੰਡਾ ਦੀ ਜ਼ਿੰਮੇਵਾਰੀ ਦਿਆਲ ਸੋਢੀ ਅਤੇ ਸ਼ਿਵਰਾਜ ਚੌਧਰੀ ਨੂੰ ਦਿੱਤੀ ਗਈ ਹੈ। ਜਲੰਧਰ ਲੋਕ ਸਭਾ ਹਲਕੇ ਦੀ ਕਮਾਨ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਅੰਮਿ੍ਰਤਸਰ ਦੀ ਅਵਿਨਾਸ਼ ਰਾਏ ਖੰਨਾ ਅਤੇ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੁੰਦਰ ਸ਼ਾਮ ਅਰੋੜਾ ਨੂੰ ਦਿੱਤੀ ਗਈ ਹੈ।