ਬਲਬੀਰ ਸਿੱਧੂ ਨੇ ਪੁਖਤਾ ਜਾਂਚ ਦਾ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ’ਤੇ ਕਰੋਨਾ ਰੋਕੂ ਵੈਕਸੀਨ ਵੇਚਣ ਦੇ ਆਰੋਪ ਲੱਗ ਰਹੇ ਹਨ ਅਤੇ ਇਹ ਆਰੋਪ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਏ ਗਏ ਹਨ। ਹੁਣ ਇਸ ’ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਫਾਈ ਦਿੱਤੀ ਹੈ। ਬਲਬੀਰ ਸਿੱਧੂ ਨੇ ਆਖਿਆ ਕਿ ਉਨ੍ਹਾਂ ਦਾ ਕਰੋਨਾ ਰੋਕੂ ਟੀਕਿਆਂ ’ਤੇ ਕੋਈ ਕੰਟਰੋਲ ਨਹੀਂ ਹੈ। ਉਹ ਸਿਰਫ ਇਸ ਬਾਰੇ ਪ੍ਰਚਾਰ ਕਰਦੇ ਹਨ ਅਤੇ ਕਰੋਨਾ ਦੇ ਨਮੂਨਿਆਂ ਦੇ ਨਾਲ-ਨਾਲ ਟੀਕਾਕਰਨ ਕੈਂਪਾਂ ਦੀ ਵੀ ਨਿਗਰਾਨੀ ਕਰਦੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਸਾਰੇ ਮਾਮਲੇ ਦੀ ਪੁਖਤਾ ਜਾਂਚ ਕਰਵਾਈ ਜਾਵੇਗੀ। ਉਧਰ ਦੂਜੇ ਪਾਸੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਕੋਵੈਕਸੀਨ ਦੀਆਂ 1 ਲੱਖ 40 ਹਜ਼ਾਰ ਤੋਂ ਵੱਧ ਖ਼ੁਰਾਕਾਂ 400 ਰੁਪਏ ਪ੍ਰਤੀ ਖੁਰਾਕ ਮੁਹੱਈਆ ਕਰਵਾਈਆਂ ਗਈਆਂ ਸੀ, ਪਰ ਪੰਜਾਬ ਸਰਕਾਰ ਨੇ ਇਹ ਖੁਰਾਕਾਂ 20 ਨਿੱਜੀ ਹਸਪਤਾਲਾਂ ਨੂੰ ਇਕ ਹਜ਼ਾਰ ਰੁਪਏ ਦੇ ਹਿਸਾਬ ਨਾਲ ਵੇਚ ਦਿੱਤੀਆਂ। ਧਿਆਨ ਰਹੇ ਕਿ ਦੇਸ਼ ਵਿਚ ਕਰੋਨਾ ਰੋਕੂ ਵੈਕਸੀਨ ਦੀ ਘਾਟ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਸਵਾਲ ਵੀ ਉਠ ਰਹੇ ਹਨ।