ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਐਤਵਾਰ ਨੂੰ ਲੁਧਿਆਣਾ ਵਿਖੇ ਸਰਕਾਰ-ਵਪਾਰ ਮਿਲਣੀ ਵਿਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ ਤਾਂ ਵੋਟਾਂ ਲੈਣ ਨਹੀਂ ਆਏ ਸੀ, ਪਰ ਅੱਜ ਵੋਟਾਂ ਲੈਣ ਆਏ ਹਾਂ ਅਤੇ ਅਸੀਂ ਸੱਚ ਬੋਲਦੇ ਹਾਂ। ਉਨ੍ਹਾਂ ਕਿਹਾ ਕਿ ਵੋਟਾਂ ਅਸੀਂ ਆਪਣੀਆਂ ਕੁਰਸੀਆਂ ਲਈ ਨਹੀਂ, ਸਗੋਂ ਤੁਹਾਡੇ ਬੱਚਿਆਂ ਵਾਸਤੇ ਮੰਗਣ ਆਏ ਹਾਂ। ਉਨ੍ਹਾਂ ਕਿਹਾ ਕਿ ਇਕ ਵਾਰ ਜੇਕਰ ਲੋਕ ਕੌਮੀ ਪੱਧਰ ਦੀ ਸ਼ਕਤੀ ਸਾਡੇ ਹੱਥ ਦੇ ਦੇਣਗੇ ਤਾਂ ਅਸੀਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਧਾਰ ਦਿਆਂਗੇ ਅਤੇ ਸੁਰੱਖਿਅਤ ਵੀ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਾਰੇ ਦੇਸ਼ ਦੀ ਜਨਤਾ ਦਾ ਸਾਂਝਾ ਹੁੰਦਾ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੈਰ-ਭਾਜਪਾਈ ਸੂਬਿਆਂ ’ਤੇ ਲਕੀਰ ਮਾਰ ਕੇ ਰੱਖੀ ਹੋਈ ਹੈ ਅਤੇ ਇਸ ਤਰ੍ਹਾਂ ਦਾ ਵਿਤਕਰਾ ਚੰਗਾ ਨਹੀਂ ਹੈ। ਸੀਐਮ ਮਾਨ ਨੇ ਕਿਹਾ ਕਿ ਅੰਗਰੇਜ਼ ਤਾਂ ਸਾਨੂੰ ਲੁੱਟਣ ਆਏ ਸੀ, ਪਰ ਅੱਜ ਤਾਂ ਆਪਣੇ ਹੀ ਸਾਨੂੰ ਲੁੱਟੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ 8 ਹਜ਼ਾਰ ਕਰੋੜ ਰੁਪਈਆ ਰੋਕ ਕੇ ਰੱਖਿਆ ਹੋਇਆ ਹੈ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਾਰੋਬਾਰੀਆਂ ਨੂੰ ਇਕ ਵਾਰ ਸਕੂਲ ਆਫ ਐਮੀਨੈਂਸ ਦਾ ਦੌਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਦਾਅਵਾ ਕਰਦਾ ਹੈ ਕਿ ਤੁਹਾਡਾ ਬੱਚਾ ਜਿਸ ਨਿੱਜੀ ਸਕੂਲ ਵਿਚ ਪੜ੍ਹਦਾ ਹੈ, ਉਸ ਤੋਂ 10 ਗੁਣਾ ਜ਼ਿਆਦਾ ਵਧੀਆ ਸਰਕਾਰੀ ਸਕੂਲ ਹੈ।