Breaking News
Home / ਪੰਜਾਬ / ਸਿਹਰੇ ਬੰਨ੍ਹ ਤੇ ਟਰੈਕਟਰ ਸਜਾ ਕੇ ਖਨੌਰੀ ਪੁੱਜੇ ਕਿਸਾਨ

ਸਿਹਰੇ ਬੰਨ੍ਹ ਤੇ ਟਰੈਕਟਰ ਸਜਾ ਕੇ ਖਨੌਰੀ ਪੁੱਜੇ ਕਿਸਾਨ

ਸੰਗਰੂਰ/ਬਿਊਰੋ ਨਿਊਜ਼ : ਖਨੌਰੀ ਬਾਰਡਰ ‘ਤੇ ਕਿਸਾਨਾਂ ‘ਚ ਦਿੱਲੀ ਕੂਚ ਕਰਨ ਲਈ ਜੋਸ਼ ਠਾਠਾਂ ਮਾਰ ਰਿਹਾ ਸੀ। ਕਿਸਾਨ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ‘ਚ ਜੁਟੇ ਹੋਏ ਸਨ। ਉਨ੍ਹਾਂ ਨੇ ਨਵੀਂ ਰਣਨੀਤੀ ਤਹਿਤ ਵਿਉਂਤਾਂ ਘੜੀਆਂ ਤੇ ਮੀਟਿੰਗਾਂ ਕੀਤੀਆਂ। ਖਨੌਰੀ ਬਾਰਡਰ ‘ਤੇ ਪੰਜਾਬ ਤੋਂ ਟਰੈਕਟਰ-ਟਰਾਲੀਆਂ ਦੀ ਆਮਦ ਜਾਰੀ ਰਹੀ। ਕਿਸਾਨ ਬੀਬੀਆਂ ਵੀ ਜੈਕਾਰੇ ਲਗਾਉਂਦੀਆਂ ਬਾਰਡਰ ‘ਤੇ ਪੁੱਜੀਆਂ। ਪਿਛਲੇ ਦਿਨਾਂ ਦੇ ਮੁਕਾਬਲੇ ਖਨੌਰੀ ਬਾਰਡਰ ‘ਤੇ ਕਾਫ਼ੀ ਚਹਿਲ-ਪਹਿਲ ਨਜ਼ਰ ਆਈ। ਦਿੱਲੀ ਕੂਚ ਕਰਨ ਵਾਸਤੇ ਨੌਜਵਾਨਾਂ ‘ਚ ਵਿਆਹ ਵਰਗਾ ਚਾਅ ਨਜ਼ਰ ਆਇਆ।
ਟਰੈਕਟਰ ‘ਤੇ ਸਵਾਰ ਆਪਣੇ ਸਾਥੀਆਂ ਸਮੇਤ ਇੱਕ ਨੌਜਵਾਨ ਕਿਸਾਨ ਸਿਰ ‘ਤੇ ਸਿਹਰਾ ਬੰਨ੍ਹ ਲਾੜਾ ਬਣ ਕੇ ਆਇਆ। ਇਸ ਤੋਂ ਬਾਅਦ ਬਾਰਡਰ ‘ਤੇ ਕਿਸਾਨਾਂ ਨੇ ਭਲਵਾਨੀ ਗੇੜੇ ਲਾਏ। ਕਿਸਾਨਾਂ ਨੇ ਟਰੈਕਟਰਾਂ ‘ਤੇ ਦਿੱਲੀ ਕੂਚ ਕਰਨ ਨਾਲ ਸਬੰਧਤ ਗੀਤ ਲਾਏ। ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਕਿਸਾਨਾਂ ਨੇ ਮੀਟਿੰਗ ਕੀਤੀ ਤੇ ਮੀਟਿੰਗ ‘ਚ ਜਾਣ ਵੇਲੇ ਆਪੋ ਆਪਣੇ ਮੋਬਾਈਲ ਬੰਦ ਕਰਕੇ ਇੱਕ ਝੋਲੇ ਵਿਚ ਪਾ ਕੇ ਮੀਟਿੰਗ ਤੋਂ ਬਾਹਰ ਇੱਕ ਕਿਸਾਨ ਨੂੰ ਫੜਾਏ ਤਾਂ ਕਿ ਮੀਟਿੰਗ ਦੀ ਗੱਲ ਬਾਹਰ ਨਾ ਜਾਵੇ। ਕਿਸਾਨ ਆਗੂ ਠਾਣਾ ਸਿੰਘ ਦਾ ਕਹਿਣਾ ਸੀ ਕਿ ਦਿੱਲੀ ਕੂਚ ਕਰਨ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਪਰ ਆਪਣੀ ਵਿਉਂਤਬੰਦੀ ਨੂੰ ਗੁਪਤ ਰੱਖਿਆ ਗਿਆ ਹੈ।
ਉਧਰ ਆਲ ਹਰਿਆਣਾ ਸਰਪੰਚ ਐਸੋਸੀਏਸ਼ਨ ਵੀ ਸੰਘਰਸ਼ੀ ਕਿਸਾਨਾਂ ਦੇ ਹੱਕ ਵਿਚ ਨਿੱਤਰ ਆਈ ਹੈ। ਆਲ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਰਣਵੀਰ ਸਮੈਣ ਨੇ ਕਿਹਾ ਹੈ ਕਿ ਆਲ ਹਰਿਆਣਾ ਸਰਪੰਚ ਐਸੋਸੀਏਸ਼ਨ ਕਿਸਾਨਾਂ ਦੀ ਹਮਾਇਤ ਕਰਦੀ ਹੈ। ਜਿਥੇ ਲੋੜ ਪਵੇਗੀ, ਲੰਗਰ ਵੀ ਲਗਾਏ ਜਾਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੀਆਂ ਜਾਣੀਆਂ ਚਾਹੀਦੀਆਂ ਹਨ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …