Breaking News
Home / ਪੰਜਾਬ / ਆਮ ਆਦਮੀ ਪਾਰਟੀ ਲਈ ਗੁਰਦਾਸਪੁਰ ਜ਼ਿਮਨੀ ਚੋਣ ਬਣੀ ਸਿਰਦਰਦੀ

ਆਮ ਆਦਮੀ ਪਾਰਟੀ ਲਈ ਗੁਰਦਾਸਪੁਰ ਜ਼ਿਮਨੀ ਚੋਣ ਬਣੀ ਸਿਰਦਰਦੀ

ਹਲਕੇ ਨਾਲ ਸਬੰਧਤ ਆਗੂ ਪਾਰਟੀ ਤੋਂ ਕਰ ਚੁੱਕੇ ਹਨ ਕਿਨਾਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਵੱਲੋਂ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਵਿੱਚ ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖਜੂਰੀਆ ਨੂੰ ਉਤਾਰਿਆ ਗਿਆ ਹੈ ਪਰ ਇਸ ਹਲਕੇ ਵਿੱਚ ਵੱਡੇ ਆਗੂਆਂ ਵੱਲੋਂ ਸਮੇਂ-ਸਮੇਂ ‘ਤੇ ਪਾਰਟੀ ਨੂੰ ਅਲਵਿਦਾ ਕਹਿਣ ਕਰਕੇ ਪਾਰਟੀ ਲਈ ਚੋਣ ਲੜਨਾ ਔਖਾ ਹੋ ਗਿਆ ਹੈ।
ਹਲਕੇ ਨਾਲ ਸਬੰਧਤ ਦੋ ਆਗੂ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਸਿੰਘ ਘੁੱਗੀ ਕੋਲੋਂ ਪਹਿਲਾਂ ਹੀ ਅਹੁਦੇ ਖੋਹੇ ਜਾ ਚੁੱਕੇ ਹਨ, ਜਦੋਂ ਕਿ ਹੁਣ ਮਾਝਾ ਜ਼ੋਨ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਵੀ ਪਾਰਟੀ ਨੂੰ ਅਲਵਿਦਾ ਕਹਿਣ ਕਾਰਨ ਲੀਡਰਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ।
ਦੱਸਣਯੋਗ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦਾ ਸਿਆਸੀ ਉਭਾਰ ਸਿਖਰ ‘ਤੇ ਸੀ ਤਾਂ ਹਾਈ ਕਮਾਂਡ ਨੇ ਨਾਟਕੀ ਢੰਗ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਪੈਸੇ ਲੈਣ ਦੇ ਦੋਸ਼ ਲਾ ਕੇ ਸੂਬਾਈ ਕਨਵੀਨਰਸ਼ਿਪ ਤੋਂ ਹਟਾ ਦਿੱਤਾ ਸੀ, ਜਿਸ ਕਾਰਨ ਪਾਰਟੀ ਵਿੱਚ ਭਾਰੀ ਉਥਲ ਪੁਥਲ ਹੋਈ ਸੀ ਅਤੇ ਛੇ ਜ਼ੋਨਲ ਇੰਚਾਰਜਾਂ ਸਮੇਤ ਵੱਡੀ ਗਿਣਤੀ ਵਿੱਚ ‘ਆਪ’ ਆਗੂਆਂ ਨੇ ਅਸਤੀਫ਼ੇ ਦੇ ਕੇ ਛੋਟੇਪੁਰ ਦਾ ਪੱਲਾ ਫੜ ਲਿਆ ਸੀ। ਵਿਧਾਨ ਸਭਾ ਚੋਣਾਂ ਵਿੱਚੋਂ 100 ਸੀਟਾਂ ਹਾਸਲ ਕਰਨ ਦੇ ਦਾਅਵੇ ਦੀ ਫੂਕ ਨਿਕਲਣ ਦਾ ਇਕ ਕਾਰਨ ਛੋਟੇਪੁਰ ਨੂੰ ਕੱਢਣਾ ਵੀ ਮੰਨਿਆ ਜਾ ਰਿਹਾ ਹੈ।
ਹਾਈ ਕਮਾਂਡ ਨੇ ਛੋਟੇਪੁਰ ਨੂੰ ਹਟਾਉਣ ਤੋਂ ਬਾਅਦ ਆਪਣੇ ਵਿਸ਼ਵਾਸਪਾਤਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਸੀ। ਘੁੱਗੀ ਨੇ ਆਪਣੀ ਸਮਰੱਥਾ ਮੁਤਾਬਕ ਪਾਰਟੀ ਲਈ ਕੰਮ ਕੀਤਾ ਅਤੇ ਖਾਸ ਕਰਕੇ ਟਿਕਟਾਂ ਦੀ ਵੰਡ ਕਾਰਨ ਉੱਠੀਆਂ ਉਂਗਲਾਂ ਕਾਰਨ ਸੰਕਟ ਵਿੱਚ ਫਸੀ ਪਾਰਟੀ ਨੂੰ ਮੁੜ ਲੀਹੇ ਪਾਉਣ ਲਈ ਕਈ ਆਗੂਆਂ ਨੂੰ ਮਨਾਇਆ।
ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਜਦੋਂ ਹੋਰ ਆਗੂਆਂ ਨਾਲ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਵਿਰੁੱਧ ਭੜਾਸ ਕੱਢੀ ਤਾਂ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦਾ ਗੁੱਸਾ ਠੰਢਾ ਕਰਨ ਲਈ ਉਸ ਨੂੰ ਪੰਜਾਬ ਦੀ ਕਮਾਂਡ ਸੌਂਪ ਦਿੱਤੀ, ਜਿਸ ਦਾ ਗੁਰਪ੍ਰੀਤ ਸਿੰਘ ਘੁੱਗੀ ਨੇ ਬੁਰਾ ਮਨਾਇਆ ਅਤੇ ਦੋਸ਼ ਲਾਇਆ ਸੀ ਕਿ ਪਾਰਟੀ ਆਗੂ ਵੱਖ-ਵੱਖ ਸਮੇਂ ਲੀਡਰਾਂ ਨੂੰ ਵਰਤ ਕੇ ਸੁੱਟਣ ਦੀ ਰਣਨੀਤੀ ਖੇਡਦੇ ਹਨ। ਇਸ ਕਾਰਨ ਘੁੱਗੀ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ।
ਹੁਣ ‘ਆਪ’ ਨੂੰ ਤੀਜਾ ਝਟਕਾ ਗੁਰਦਾਸਪੁਰ ਦੇ ਮਜ਼ਬੂਤ ਆਗੂ ਅਤੇ ਪਿਛਲੇ ਸਮੇਂ ਹੀ ਮਾਝਾ ਜ਼ੋਨ ਦੇ ਪ੍ਰਧਾਨ ਬਣਾਏ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਪਾਰਟੀ ਛੱਡਣ ਕਾਰਨ ਵੱਡਾ ਝਟਕਾ ਲੱਗਿਆ ਹੈ। ਚਰਚਾ ਹੈ ਕਿ ਕਾਕੀ ਕਿਸੇ ਵੇਲੇ ਵੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਪਿਛਲੇ ਦਿਨੀਂ ਉਨ੍ਹਾਂ ਇਕ ਮੁੱਦੇ ਉਪਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਸਾਂਝੇ ਤੌਰ ‘ਤੇ ਕਾਂਗਰਸ ਵਿਰੁੱਧ ਪ੍ਰੈੱਸ ਕਾਨਫਰੰਸ ਕੀਤੀ ਸੀ।

 

Check Also

ਸ਼ਸ਼ੀ ਥਰੂਰ ਨੇ ਜਲੰਧਰ ਵਾਸੀਆਂ ਨੂੰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦਾ ਦਿੱਤਾ ਸੱਦਾ

ਕਿਹਾ : ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਖਤਰਾ ਜਲੰਧਰ/ਬਿਊਰੋ ਨਿਊਜ਼ : ਕਾਂਗਰਸ …