ਮੈਂਕਰੋ ਨੇ ਆਪਣੇ ਦੋ ਦਿਨਾ ਭਾਰਤ ਦੌਰੇ ਦੀ ਜੈਪੁਰ ਤੋਂ ਕੀਤੀ ਸ਼ੁਰੂਆਤ
ਜੈਪੁਰ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਖੇ ਭਲਕੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋੋਣ ਵਾਲੇ ਪਰੇਡ ਦੇ ਮੁੱਖ ਮਹਿਮਾਨ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਂਕਰੋ ਹੋਣਗੇ। ਉਨ੍ਹਾਂ ਆਪਣੇ ਦੋ ਦਿਨਾ ਦੌਰੇ ਦੀ ਜੈਪੁਰ ਤੋਂ ਸ਼ੁਰੂਆਤ ਕੀਤੀ। ਜਿੱਥੇੇ ਜੈਪੁਰ ਵਿਖੇ ਪਹੁੰਚਣ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੈਂਕਰੋ ਪੈਰਿਸ ਤੋਂ ਸਿੱਧੇ ਜੈਪੁਰ ਪਹੁੰਚੇ ਜਿੱਥੇ ਆਮੇਰ ਕਿਲੇ ’ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਅਤੇ ਮੁੱਖ ਮੰਤਰੀ ਭਜਨ ਲਾਲ ਫਰਾਂਸ ਦੇ ਰਾਸ਼ਟਰਪਤੀ ਨੂੰ ਰਿਸੀਵ ਕਰਨ ਲਈ ਪਹੁੰਚੇ। ਆਮੇਰ ਕਿਲੇ ਦੇ ਦੌਰੇ ਮੌਕੇ ਮੈਂਕਰੋ ਦੇ ਨਾਲ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਯਾ ਕੁਮਾਰੀ ਵੀ ਮੌਜੂਦ ਸਨ। ਮੈਂਕਰੋ ਨੇ ਇਥੇ ਰਾਜਸਥਾਨ ਦਾ ਪਰੰਪਰਿਕ ਡਾਂਸ ਦੇਖਿਆ ਅਤੇ ਸਕੂਲੀ ਵਿਦਿਆਰਥੀਆਂ ਨਾਲ ਮੁਲਾਕਾਤ ਵੀ ਕੀਤੀ। ਭਾਰਤ ਦੇ ਗਣਤੰਤਰ ਦਿਵਸ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੇ ਮੈਂਕਰੋ ਫਰਾਂਸ ਦੇ ਛੇਵੇਂ ਆਗੂ ਹੋਣਗੇ।