ਪ੍ਰਧਾਨ ਮੰਤਰੀ ਮੋਦੀ ਨੇ ਕਿਹਾ : ਪ੍ਰਾਣ ਪ੍ਰਤਿਸ਼ਠਾ ਸਾਲਾਂ ਤੱਕ ਯਾਦ ਰਹੇਗੀ
ਅਯੁੱਧਿਆ/ਬਿਊਰੋ ਨਿਊਜ਼
ਅਯੁੱਧਿਆ ਦੇ ਰਾਮ ਮੰਦਰ ਵਿਚ ਸ੍ਰੀ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਰਸਮ ਲੰਘੇ ਕੱਲ੍ਹ 22 ਜਨਵਰੀ ਨੂੰ ਸੰਪੂਰਨ ਹੋ ਗਈ ਹੈ। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਅੱਜ ਮੰਗਲਵਾਰ 23 ਜਨਵਰੀ ਤੋਂ ਮੰਦਰ ਵਿਚ ਆਮ ਲੋਕ ਵੀ ਦਰਸ਼ਨਾਂ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ। ਸਵੇਰੇ ਤੜਕੇ 3 ਵਜੇ ਹੀ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ। ਰਾਮ ਲੱਲਾ ਦੇ ਦਰਸ਼ਨਾਂ ਦੇ ਲਈ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਪਹੁੰਚ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਸਵੇਰੇ ਮੰਦਰ ਦੇ ਗੇਟ ਖੁੱਲ੍ਹੇ ਤਾਂ ਇਕ ਦੂਜੇ ਤੋਂ ਮੂਹਰੇ ਹੋਣ ਲਈ ਸ਼ਰਧਾਲੂਆਂ ਵਿਚ ਹੋੜ ਜਿਹੀ ਲੱਗ ਗਈ। ਸ਼ੁਰੂਆਤ ਵਿਚ ਪ੍ਰਸ਼ਾਸਨ ਵੀ ਭੀੜ ਦੇ ਅੱਗੇ ਬੇਵੱਸ ਨਜ਼ਰ ਆਇਆ। ਇਸ ਤੋਂ ਬਾਅਦ ਭੀੜ ਨੂੰ ਕੰਟਰੋਲ ਕਰਨ ਲੲਂੀ ਰੈਪਿਡ ਐਕਸ਼ਨ ਫੋਰਸ ਨੇ ਮੋੋਰਚਾ ਸੰਭਾਲਿਆ। ਹੁਣ ਸ਼ਰਧਾਲੂਆਂ ਨੂੰ ਮੰਦਰ ਵਿਚ ਮੱਥਾ ਟੇਕਣ ਲਈ ਛੋਟੇ-ਛੋਟੇ ਗਰੁੱਪਾਂ ਵਿਚ ਭੇਜਿਆ ਜਾ ਰਿਹਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪ੍ਰਾਣ ਪ੍ਰਤਿਸ਼ਠਾ ਸਬੰਧੀ ਲਿਖਿਆ ਕਿ ਅਸੀਂ 22 ਜਨਵਰੀ ਨੂੰ ਜੋ ਅਯੁੱਧਿਆ ਵਿਚ ਦੇਖਿਆ, ਉਹ ਆਉਣ ਵਾਲੇ ਕਈ ਸਾਲਾਂ ਤੱਕ ਸਾਡੀਆਂ ਯਾਦਾਂ ਵਿਚ ਵਸਿਆ ਰਹੇਗਾ।