Breaking News
Home / ਭਾਰਤ / ਚੋਣਾਂ ਨੇੜੇ ਮੋਦੀ ਨੂੰ ਗਰੀਬ ਚੇਤੇ ਆਏ : ਖੜਗੇ

ਚੋਣਾਂ ਨੇੜੇ ਮੋਦੀ ਨੂੰ ਗਰੀਬ ਚੇਤੇ ਆਏ : ਖੜਗੇ

ਕਾਂਗਰਸ ਪ੍ਰਧਾਨ ਨੇ ਕੇਂਦਰ ਦੀ ਮੁਫ਼ਤ ਰਾਸ਼ਨ ਸਕੀਮ ਵਿੱਚ ਵਾਧੇ ‘ਤੇ ਚੁੱਕੇ ਸਵਾਲ
ਜੋਧਪੁਰ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁਫਤ ਰਾਸ਼ਨ ਸਕੀਮ ਵਿੱਚ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਗਰੀਬਾਂ ਬਾਰੇ ਸੋਚ ਰਹੇ ਹਨ ਕਿਉਂਕਿ ਚੋਣਾਂ ਨੇੜੇ ਆ ਗਈਆਂ ਹਨ। ਉਨ੍ਹਾਂ ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਈਡੀ, ਸੀਬੀਆਈ ਅਤੇ ਆਮਦਨ ਕਰ ਵਿਭਾਗ ਨੂੰ ਨਰਿੰਦਰ ਮੋਦੀ ਦੇ ‘ਜਵਾਨ’ ਦੱਸਦਿਆਂ ਵਿਅੰਗ ਕੀਤਾ ਕਿ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ ਉੱਥੇ ਪਹਿਲਾਂ ਪ੍ਰਚਾਰ ਲਈ ਇਨ੍ਹਾਂ ਏਜੰਸੀਆਂ ਨੂੰ ਭੇਜ ਦਿੰਦੇ ਹਨ ਅਤੇ ਫਿਰ ਆਪ ਜਾ ਕੇ ਭਾਸ਼ਨ ਦਿੰਦੇ ਹਨ।
ਖੜਗੇ ਨੇ ਮੋਦੀ ਸਰਕਾਰ ‘ਤੇ ‘ਗਰੀਬਾਂ ਨੂੰ ਪ੍ਰੇਸ਼ਾਨ ਕਰਨ ਅਤੇ ਅਡਾਨੀ ਵਰਗੇ ਸਨਅਤਕਾਰ ਦੋਸਤਾਂ ਦਾ ਸਮਰਥਨ ਕਰਨ’ ਦਾ ਆਰੋਪ ਲਾਇਆ। ਉਨ੍ਹਾਂ ਕਿਹਾ, ”ਵੱਡੇ-ਵੱਡੇ ਕਾਰਖ਼ਾਨਿਆਂ ਵਿੱਚ ਜੋ ਲੋਕ ਕੰਮ ਕਰਦੇ ਹਨ ਉਹ ਗਰੀਬ ਕਰਦੇ ਹਨ, ਅੱਜ ਅਨੁਸੂਚਤਿ ਜਾਤੀ ਨੂੰ ਜੋ ਰਾਖਵਾਂਕਰਨ ਮਿਲਦਾ ਹੈ, ਪੱਛੜੇ ਵਰਗਾਂ ਨੂੰ ਜੋ ਰਾਖਵਾਂਕਰਨ ਮਿਲਦਾ ਹੈ, ਉਸ ਨੂੰ ਬੰਦ ਕਰਵਾਉਣ ਲਈ ਇਹ ਵੱਡੇ-ਵੱਡੇ ਸਰਕਾਰੀ ਕਾਰਖ਼ਾਨਿਆਂ ਨੂੰ ਇੱਕ-ਇੱਕ ਕਰਕੇ ਬਿਮਾਰ ਕਰ ਰਹੇ ਹਨ। ਬਿਮਾਰ ਕਰਨ ਵਾਲੇ ਨੇਤਾ ਦੇਸ਼ ਦਾ ਕੀ ਭਲਾ ਕਰਨਗੇ।”
ਖੜਗੇ ਨੇ ਕਿਹਾ, ”ਈਡੀ, ਇਨਕਮ ਟੈਕਸ ਅਤੇ ਸੀਬੀਆਈ… ਇਹ ਤੁਹਾਡੇ ਜਵਾਨ ਹਨ ਅਤੇ ਉਹ ਪ੍ਰਚਾਰ ਕਰਨ ਵਾਲੇ ਹਨ। ਮੋਦੀ ਸਾਬ੍ਹ ਜਿੱਥੇ ਜਾਂਦੇ ਹਨ, ਪਹਿਲਾਂ ਇਨ੍ਹਾਂ ਤਿੰਨ ਏਜੰਸੀਆਂ ਨੂੰ ਪ੍ਰਚਾਰ ਲਈ ਭੇਜਦੇ ਹਨ। ਉਨ੍ਹਾਂ ਨੂੰ ਭੇਜਣ ਮਗਰੋਂ ਫਿਰ ਆਪ ਉੱਥੇ ਜਾ ਕੇ ਭਾਸ਼ਨ ਦਿੰਦੇ ਹਨ।” ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਕਾਂਗਰਸੀ ਨੇਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪਾਰਟੀ ਡਰਨ ਵਾਲੀ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਭਾਜਪਾ ਨੇਤਾਵਾਂ ਕੋਲ ਪੈਸਾ ਅਤੇ ਜਾਇਦਾਦ ਹੋਣ ਦੇ ਬਾਵਜੂਦ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ‘ਵਾਸ਼ਿੰਗ ਮਸ਼ੀਨ’ ਹੈ, ਜਿਸ ਵਿੱਚ ਭ੍ਰਿਸ਼ਟ ਲੋਕ ਵੀ ਬੇਦਾਗ ਹੋ ਕੇ ਨਿਕਲਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਆਪਣੇ ਸੰਬੋਧਨ ਵਿੱਚ ਈਡੀ ਦੀ ਕਾਰਵਾਈ ਸਬੰਧੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਗਹਿਲੋਤ ਨੇ ਸਰਦਾਰਪੁਰ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਹ 1998 ਮਗਰੋਂ ਲਗਾਤਾਰ ਇੱਥੋਂ ਜਿੱਤਦੇ ਆ ਰਹੇ ਹਨ।

ਛੱਤੀਸਗੜ੍ਹ: ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ
ਜਾਤੀ ਜਨਗਣਨਾ ਤੇ ਮਹਿਲਾਵਾਂ ਨੂੰ ਰਸੋਈ ਗੈਸ ‘ਤੇ 500 ਰੁਪਏ ਦੀ ਸਬਸਿਡੀ ਦੇਣ ਦਾ ਵਾਅਦਾ
ਰਾਏਪੁਰ/ਬਿਊਰੋ ਨਿਊਜ਼ : ਕਾਂਗਰਸ ਨੇ ਛੱਤੀਸਗੜ੍ਹ ਅਸੈਂਬਲੀ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਮੈਨੀਫੈਸਟੋ ਵਿੱਚ ਜਾਤੀ ਜਨਗਣਨਾ, ਮਹਿਲਾਵਾਂ ਨੂੰ ਰਸੋਈ ਗੈਸ ਸਿਲੰਡਰ ‘ਤੇ 500 ਰੁਪਏ ਦੀ ਸਬਸਿਡੀ, ਝੋਨੇ ਦੀ 3200 ਰੁਪਏ ਪ੍ਰਤੀ ਕੁਇੰਟਲ ‘ਤੇ ਖਰੀਦ ਆਦਿ ਵਾਅਦੇ ਕੀਤੇ ਹਨ। ਰਾਜ ਦੀ ਸੱਤਾਧਾਰੀ ਪਾਰਟੀ ਨੇ ਛੱਤੀਸਗੜ੍ਹ ਵਿੱਚ ਪਹਿਲੇ ਗੇੜ ਦੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਛੇ ਵੱਖ ਵੱਖ ਥਾਵਾਂ- ਰਾਏਪੁਰ, ਰਾਜਨੰਦਗਾਓਂ, ਜਗਦਲਪੁਰ, ਬਿਲਾਸਪੁਰ, ਅੰਬਿਕਾਪੁਰ ਤੇ ਕਾਵਰਧਾ ਵਿੱਚ ‘ਭਰੋਸੇ ਕਾ ਘੋਸ਼ਣਾ ਪੱਤਰ 2023-28’ ਸਿਰਲੇਖ ਹੇਠ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਸੀ।
ਛੱਤੀਸਗੜ੍ਹ ਦੀ 90 ਮੈਂਬਰੀ ਅਸੈਂਬਲੀ ਲਈ ਪਹਿਲੇ ਪੜਾਅ ਤਹਿਤ 7 ਨਵੰਬਰ ਨੂੰ ਵੋਟਾਂ ਪੈ ਗਈਆਂ ਹਨ ਅਤੇ ਹੁਣ ਦੂਜੇ ਪੜਾਅ ਤਹਿਤ 17 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਕਾਂਗਰਸ ਨੇ ਮੈਨੀਫੈਸਟੋ ਵਿੱਚ ਉਹੀ ਨੁਕਤੇ ਸ਼ਾਮਲ ਕੀਤੇ ਹਨ, ਜਿਨ੍ਹਾਂ ਬਾਰੇ ਪਾਰਟੀ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ। ਇਨ੍ਹਾਂ ਵਿਚ ਕਿਸਾਨਾਂ ਦੇ ਕਰਜ਼ਿਆਂ ‘ਤੇ ਲੀਕ, ਜਾਤੀ ਜਨਗਣਨਾ, ਪ੍ਰਤੀ ਏਕੜ ਵਿਚੋਂ 20 ਕੁਇੰਟਲ ਝੋਨੇ ਦੀ ਖਰੀਦ, ਕੇਜੀ (ਕਿੰਡਰਗਾਰਟਨ) ਤੋਂ ਪੀਜੀ (ਪੋਸਟ ਗਰੈਜੂਏਸ਼ਨ) ਤੱਕ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਪ੍ਰਮੁੱਖ ਹਨ। ਮੁੱਖ ਮੰਤਰੀ ਬਘੇਲ ਨੇ ਮੈਨੀਫੈਸਟੋ ਦੀ ਰਿਲੀਜ਼ ਮੌਕੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਲਈ 3200 ਰੁਪਏ ਫੀ ਕੁਇੰਟਲ ਦਾ ਮੁੱਲ ਮਿਲੇਗਾ ਅਤੇ ਰਾਜੀਵ ਗਾਂਧੀ ਨਿਆਂਏ ਯੋਜਨਾ ਤਹਿਤ ਝੋਨਾ ਕਾਸ਼ਤਕਾਰਾਂ ਨੂੰ ਮੌਜੂਦਾ ਸਮੇਂ ਮਿਲ ਰਹੀ ਸਬਸਿਡੀ ਇਸ ਵਿੱਚ ਸ਼ਾਮਲ ਰਹੇਗੀ। ਬਘੇਲ ਨੇ ਕਿਹਾ, ”ਮਾਵਾਂ ਤੇ ਭੈਣਾਂ ਲਈ ਮਹਤਿਰੀ ਨਿਆਂਏ ਯੋਜਨਾ ਸ਼ੁਰੂ ਕੀਤੀ ਜਾਵੇਗੀ।” ਸਕੀਮ ਤਹਤਿ ਮਹਿਲਾਵਾਂ ਨੂੰ ਰਸੋਈ ਗੈਸ ਸਿਲੰਡਰ ‘ਤੇ 500 ਰੁਪਏ ਦੀ ਸਬਸਿਡੀ ਮਿਲੇਗੀ, ਜੋ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕੀਤੀ ਜਾਵੇਗੀ।

 

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …