8.2 C
Toronto
Friday, November 7, 2025
spot_img
Homeਪੰਜਾਬਏਸ਼ੀਆਈ ਖੇਡਾਂ 'ਚ ਭਾਰਤ ਨੇ ਜਿੱਤੇ ਕੁੱਲ 107 ਤਮਗੇ

ਏਸ਼ੀਆਈ ਖੇਡਾਂ ‘ਚ ਭਾਰਤ ਨੇ ਜਿੱਤੇ ਕੁੱਲ 107 ਤਮਗੇ

ਪੰਜਾਬ ਦੇ ਖਿਡਾਰੀਆਂ ਦਾ ਵੀ ਏਸ਼ੀਆਈ ਖੇਡਾਂ ‘ਚ ਵਧੀਆ ਪ੍ਰਦਰਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼ : ਚੀਨ ਦੇ ਹਾਂਗਜ਼ੂ ਵਿੱਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ‘ਚ ਜਿੱਥੇ ਭਾਰਤ ਨੇ ਕੁੱਲ 107 ਤਗਮੇ (28 ਸੋਨੇ, 38 ਚਾਂਦੀ ਤੇ 41 ਕਾਂਸੀ) ਜਿੱਤ ਕੇ ਤਗ਼ਮਾ ਸੂਚੀ ‘ਚ ਚੌਥਾ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਪੰਜਾਬ ਦੇ 33 ਖਿਡਾਰੀਆਂ ਨੇ ਇਨ੍ਹਾਂ ਖੇਡਾਂ ‘ਚ 72 ਵਰ੍ਹਿਆਂ ਦੇ ਸਾਰੇ ਰਿਕਾਰਡ ਤੋੜਦਿਆਂ ਕੁੱਲ 19 ਤਗਮੇ (8 ਸੋਨੇ, 6 ਚਾਂਦੀ ਤੇ 5 ਕਾਂਸੀ) ਭਾਰਤ ਲਈ ਜਿੱਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਏਸ਼ੀਆਈ ਖੇਡਾਂ ਦੇ 72 ਵਰ੍ਹਿਆਂ ਦੇ ਇਤਿਹਾਸ ‘ਚ ਪੰਜਾਬ ਦੇ ਖਿਡਾਰੀਆਂ ਨੇ ਇਸ ਤੋਂ ਪਹਿਲਾਂ ਸਭ ਤੋਂ ਵੱਧ ਸੋਨ ਤਗਮੇ 1951 ‘ਚ ਨਵੀਂ ਦਿੱਲੀ ਤੇ 1962 ‘ਚ ਜਕਾਰਤਾ ‘ਚ 7-7 ਸੋਨ ਤਗਮੇ ਜਿੱਤੇ ਸਨ।
ਇਸ ਵਾਰ ਇਹ ਰਿਕਾਰਡ ਤੋੜਦਿਆਂ ਪੰਜਾਬ ਦੇ ਖਿਡਾਰੀਆਂ ਨੇ 8 ਸੋਨ ਤਗਮੇ ਜਿੱਤ ਲਏ ਹਨ।
ਇਸ ਤੋਂ ਇਲਾਵਾ ਪੰਜਾਬੀ ਖਿਡਾਰੀਆਂ ਨੇ ਕੁੱਲ ਸਭ ਤੋਂ ਵੱਧ 15 ਤਗਮੇ 1951 ‘ਚ ਨਵੀਂ ਦਿੱਲੀ ‘ਚ ਜਿੱਤੇ ਸਨ। ਇਸ ਵਾਰ ਕੁੱਲ 19 ਤਗ਼ਮੇ ਜਿੱਤੇ ਹਨ। ਇਸ ਦੌਰਾਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਏਸ਼ੀਆਈ ਖੇਡਾਂ ‘ਚ ਭਾਰਤੀ ਖੇਡ ਦਲ ਤੇ ਪੰਜਾਬੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਦੇ ਵੱਡੇ ਮੰਚ ‘ਤੇ ਖਿਡਾਰੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।
ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ‘ਚ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗ਼ਮਾ ਦਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੌਰ (ਕਪਤਾਨ), ਕਨਿਕਾ ਆਹੂਜਾ ਤੇ ਅਮਨਜੋਤ ਕੌਰ ਨੇ ਮਹਿਲਾ ਕ੍ਰਿਕਟ, ਤੇਜਿੰਦਰ ਪਾਲ ਸਿੰਘ ਤੂਰ ਨੇ ਸ਼ਾਟਪੁੱਟ, ਅਰਜੁਨ ਸਿੰਘ ਚੀਮਾ ਤੇ ਜ਼ੋਰਾਵਾਰ ਸਿੰਘ ਸੰਧੂ ਨੇ ਨਿਸ਼ਾਨੇਬਾਜ਼ੀ, ਪ੍ਰਨੀਤ ਕੌਰ ਨੇ ਤੀਰਅੰਦਾਜ਼ੀ, ਹਰਮਨਪ੍ਰੀਤ ਸਿੰਘ (ਕਪਤਾਨ), ਹਾਰਦਿਕ ਸਿੰਘ (ਵਾਈਸ ਕਪਤਾਨ), ਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਬੱਲ, ਕ੍ਰਿਸ਼ਨ ਬਹਾਦਰ ਪਾਠਕ ਤੇ ਸੁਖਜੀਤ ਸਿੰਘ ਨੇ ਪੁਰਸ਼ ਹਾਕੀ ਤੇ ਅਰਸ਼ਦੀਪ ਸਿੰਘ ਤੇ ਪ੍ਰਭਸਿਮਰਨ ਸਿੰਘ ਨੇ ਪੁਰਸ਼ ਕ੍ਰਿਕਟ ‘ਚ ਸੋਨੇ ਦਾ ਤਗਮਾ ਜਿੱਤਿਆ ਹੈ। ਇਸੇ ਤਰ੍ਹਾਂ ਹਰਮਿਲਨ ਬੈਂਸ ਨੇ 800 ਮੀਟਰ ਤੇ 1500 ਮੀਟਰ ‘ਚ ਦੋ ਚਾਂਦੀ ਤੇ ਜਸਵਿੰਦਰ ਸਿੰਘ ਨੇ ਰੋਇੰਗ ‘ਚ ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ।ਧਰੁਵ ਕਪਿਲਾ ਨੇ ਬੈਡਮਿੰਟਨ ਟੀਮ ਤੇ ਰਾਜੇਸ਼ਵਰੀ ਕੁਮਾਰੀ ਨੇ ਟਰੈਪ ਨਿਸ਼ਾਨੇਬਾਜ਼ੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ।
ਇਸੇ ਤਰ੍ਹਾਂ ਵਿਜੈਵੀਰ ਸਿੱਧੂ ਨੇ ਨਿਸ਼ਾਨੇਬਾਜ਼ੀ, ਸਤਨਾਮ ਸਿੰਘ, ਸੁਖਮੀਤ ਸਿੰਘ ਤੇ ਚਰਨਜੀਤ ਸਿੰਘ ਨੇ ਰੋਇੰਗ, ਮੰਜੂ ਰਾਣੀ ਨੇ ਪੈਦਲ ਦੌੜ ਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ‘ਚ ਕਾਂਸੀ ਦਾ ਤਗਮਾ ਜਿੱਤਿਆ ਹੈ।

RELATED ARTICLES
POPULAR POSTS