ਚੰਡੀਗੜ੍ਹ ਪਾਸਪੋਰਟ ਦਫ਼ਤਰ ਦੇ ਕਰਮਚਾਰੀਆਂ ਨੇ ਕੰਮ ਕਰਨਾ ਕੀਤਾ ਬੰਦ
ਪ੍ਰੇਸ਼ਾਨ ਹੋਏ ਲੋਕਾਂ ਨੇ ਪਾਸਪੋਰਟ ਦਫ਼ਤਰ ਦੇ ਬਾਹਰ ਕੀਤਾ ਹੰਗਾਮਾ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ-2 ਸਥਿਤ ਪਾਸਪੋਰਟ ਦਫ਼ਤਰ ਦੇ ਕਰਮਚਾਰੀਆਂ ਨੇ ਅੱਜ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ। ਇਸ ਕਾਰਨ ਦੂਰ-ਦੂਰ ਤੋਂ ਆਏ ਲੋਕ ਪ੍ਰੇਸ਼ਾਨ ਹੁੰਦੇ ਰਹੇ ਅਤੇ ਉਨ੍ਹਾਂ ਪਾਸਪੋਰਟ ਦੇ ਦਫ਼ਤਰ ਬਾਹਰ ਹੰਗਾਮਾ ਕੀਤਾ। ਦਰਅਸਲ ਜਿਨ੍ਹਾਂ ਲੋਕਾਂ ਨੂੰ ਅੱਜ ਪਾਸਪੋਰਟ ਦਫ਼ਤਰ ਵੱਲੋਂ ਮੈਸੇਜ ਭੇਜ ਕੇ ਬੁਲਾਇਆ ਗਿਆ ਸੀ ਉਨ੍ਹਾਂ ਵਿਅਕਤੀਆਂ ਨੂੰ ਇਥੇ ਪਹੁੰਚ ਕੇ ਪਤਾ ਚਲਿਆ ਕਿ ਪਾਸਪੋਰਟ ਦਫਤਰ ਦੇ ਕਰਮਚਾਰੀ ਕੰਮ ਨਹੀਂ ਕਰ ਰਹੇ, ਜਿਸ ਤੋਂ ਬਾਅਦ ਦੂਰੋਂ-ਦੂਰੋਂ ਪਹੁੰਚੇ ਲੋਕ ਭੜਕ ਉਠੇ ਅਤੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ। ਪ੍ਰੰਤੂ ਇਸ ਮਾਮਲੇ ’ਤੇ ਪਾਸਪੋਰਟ ਦਫਤਰ ਦੇ ਅਧਿਕਾਰੀ ਕੁੱਝ ਵੀ ਬੋਲਣ ਲਈ ਤਿਆਰ ਨਹੀਂ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਸਪੋਰਟ ਦਫ਼ਤਰ ਦੇ ਕਰਮਚਾਰੀਆਂ ਦੀ ਨਾਰਾਜ਼ਗੀ ਦਾ ਕਰਨ ਦਾ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਪਾਸਪੋਰਟ ਦਫ਼ਤਰ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੁੰਦੀ ਸੀ ਪ੍ਰੰਤੂ ਕੰਮ ਜ਼ਿਆਦਾ ਹੋਣ ਕਰਕੇ ਹੁਣ ਸ਼ਨੀਵਾਰ ਨੂੰ ਸਪੈਸ਼ਲ ਕੈਂਪ ਲਗਾਇਆ ਜਾਂਦਾ ਹੈ, ਜਿਸ ਦੇ ਚਲਦਿਆਂ ਪਾਸਪੋਰਟ ਦਫ਼ਤਰ ਦੇ ਕਰਮਚਾਰੀਆਂ ਦੀ ਸ਼ਨੀਵਾਰ ਵਾਲੀ ਛੁੱਟੀ ਬੰਦ ਹੋ ਗਈ ਅਤੇ ਛੁੱਟੀ ਬੰਦ ਹੋਣ ਕਾਰਨ ਨਾਰਾਜ਼ ਹੋਏ ਕਰਮਚਾਰੀਆਂ ਨੇ ਅੱਜ ਕੰਮ ਕਰਨਾ ਬੰਦ ਕਰ ਦਿੱਤਾ। ਚੰਡੀਗੜ੍ਹ ਦੇ ਪਾਸਪੋਰਟ ਦਫ਼ਤਰ ’ਚ ਕਾਫੀ ਕੰਮ ਪੈਂਡਿੰਗ ਹੈ ਅਤੇ ਇਥੇ ਪਾਸਪੋਰਟ ਬਣਵਾਉਣ ਦੇ ਲਈ 3 ਤੋਂ 6 ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਕਾਰਨ ਅੱਜ ਪ੍ਰੇਸ਼ਾਨ ਹੋਏ ਲੋਕਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਅਪੁਇੰਟਮੈਂਟ ਮਿਲੀ ਸੀ ਪ੍ਰੰਤੂ ਅੱਜ ਕੰਮ ਨਾ ਹੋਣ ਕਾਰਨ ਹੁਣ ਲਗਭਗ 6 ਮਹੀਨੇ ਬਾਅਦ ਦੁਬਾਰਾ ਅਪੁਇੰਟਮੈਂਟ ਮਿਲੇਗੀ।