15 ਦੀ ਥਾਂ 14 ਅਕਤੂਬਰ ਨੂੰ ਖੇਡਿਆ ਜਾਵੇਗਾ ਮੈਚ
ਨਵੀਂ ਦਿੱਲੀ/ਬਿਊਰੋ ਨਿਊਜ਼
ਵਨਡੇ ਵਰਲਡ ਕ੍ਰਿਕਟ ਕੱਪ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿਚ ਹੋਵੇਗੀ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਮੈਚ ਦੀ ਤਰੀਕ ਹੁਣ ਬਦਲ ਦਿੱਤੀ ਗਈ ਹੈ ਅਤੇ ਇਹ ਮੈਚ ਹੁਣ 15 ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾ ਸਕਦਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ ਵੀ ਇਸ ਬਦਲਾਅ ਲਈ ਸਹਿਮਤ ਹੋ ਗਿਆ ਹੈ। ਇਹ ਬਦਲਾਅ ਇਸ ਕਰਕੇ ਕੀਤਾ ਗਿਆ ਹੈ ਕਿ 15 ਅਕਤੂਬਰ ਤੋਂ ਹੀ ਨਰਾਤਿਆਂ ਦੇ ਤਿਉਹਾਰ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੌਰਾਨ ਸ੍ਰੀਲੰਕਾ ਦੇ ਖਿਲਾਫ ਪਾਕਿਸਤਾਨ ਦੇ ਮੈਚ ਦੀ ਤਰੀਕ ਵੀ ਬਦਲੀ ਗਈ ਹੈ। ਇਹ ਮੈਚ 12 ਅਕਤੂਬਰ ਨੂੰ ਖੇਡਿਆ ਜਾਣਾ ਸੀ ਅਤੇ ਹੁਣ ਇਹ ਮੈਚ 10 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਬਦਲਾਅ ਦੇ ਚੱਲਦਿਆਂ ਪਾਕਿਸਤਾਨ ਨੂੰ ਭਾਰਤ ਨਾਲ ਖੇਡਣ ਤੋਂ ਪਹਿਲਾਂ 3 ਦਿਨ ਦਾ ਗੈਪ ਮਿਲ ਜਾਵੇਗਾ। ਇਹ ਵਨਡੇ ਵਰਲਡ ਕ੍ਰਿਕਟ ਕੱਪ 5 ਅਕਤੂਬਰ ਤੋਂ ਸ਼ੁਰੂ ਹੋਣਾ ਹੈ ਅਤੇ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਨੇ ਜੂਨ ਮਹੀਨੇ ਦੇ ਆਖਰ ਵਿਚ ਇਨ੍ਹਾਂ ਮੈਚਾਂ ਸਬੰਧੀ ਸ਼ਡਿਊਲ ਜਾਰੀ ਕੀਤਾ ਸੀ। ਹੁਣ ਆਈਸੀਸੀ ਜਲਦ ਹੀ ਨਵਾਂ ਸ਼ਡਿਊਲ ਜਾਰੀ ਕਰੇਗੀ। ਧਿਆਨ ਰਹੇ ਕਿ ਭਾਰਤੀ ਕ੍ਰਿਕਟ ਟੀਮ ਨੇ ਇਸ ਵਰਲਡ ਕੱਪ ਵਿਚ ਆਪਣਾ ਪਹਿਲਾ ਮੈਚ ਆਸਟਰੇਲੀਆ ਨਾਲ 8 ਅਕਤੂਬਰ ਨੂੰ ਚੇਨਈ ਵਿਚ ਖੇਡਣਾ ਹੈ। ਇਹ ਵੀ ਦੱਸਣਯੋਗ ਹੈ ਕਿ ਇਸ ਵਰਲਡ ਕੱਪ ਦਾ ਉਦਘਾਟਨੀ ਮੈਚ ਅਤੇ ਫਾਈਨਲ ਮੈਚ ਗੁਜਰਾਤ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ।