ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਈਟੀਟੀ ਕੇਡਰ ਦੇ 2 ਉਮੀਦਵਾਰਾਂ ਖਿਲਾਫ਼ ਵੱਡੀ ਕਾਰਵਾਈ
ਗਲਤ ਤਰੀਕੇ ਨਾਲ ਨੌਕਰੀ ਲੈਣ ਦੀ ਕੋਸ਼ਿਸ਼ ’ਚ ਫਸੇ ਦੋਵੇਂ ਉਮੀਦਵਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ ਵਿਭਾਗ ਨੇ 5994 ਈਟੀਟੀ ਕੇਡਰ ਦੀ ਭਰਤੀ ਦੌਰਾਨ ਗਲਤ ਤਰੀਕੇ ਨਾਲ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ 2 ਉਮੀਦਵਾਰਾਂ ਨੂੰ ਫੜਿਆ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋਵੇਂ ਉਮੀਦਵਾਰਾਂ ਖਿਲਾਫ਼ ਪੁਲਿਸ ਨੂੰ ਕਾਰਵਾਈ ਕਰਨ ਦੇ ਲਈ ਲਿਖਤੀ ਹੁਕਮ ਦੇ ਦਿੱਤੇ ਹਨ। ਉਥੇ ਹਰ ਭਰਤੀ ’ਚ ਪਾਰਦਰਸ਼ੀ ਢੰਗ ਨਾਲ ਚੋਣ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਆਰੋਪੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਚੋਟੀਆਂ ਜ਼ਿਲ੍ਹਾ ਮਾਨਸਾ ਅਤੇ ਸੰਦੀਪ ਕੁਮਾਰ ਨਿਵਾਸੀ ਪਿੰਡ ਹਾਜੀ ਬੇਤੂ ਡਾਕਖਾਨਾ ਪੰਜੇ ਕੇ ਉਤਾੜ ਵਜੋਂ ਹੋਈ ਹੈ। ਦੋਵੇਂ ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਦੌਰਾਨ ਗਲਤ ਕਦਮ ਚੁੱਕਿਆ ਸੀ ਪ੍ਰੰਤੂ ਸਕਰੂਟਨੀ ਦੌਰਾਨ ਦੋਵੇਂ ਉਮੀਦਵਾਰਾਂ ਵੱਲੋਂ ਕੀਤੀ ਜਾ ਰਹੀ ਧਾਂਦਲੀ ਫੜੀ ਗਈ। ਗੁਰਪ੍ਰੀਤ ਸਿੰਘ ਦੇ ਫਿੰਗਰ ਪਿ੍ਰੰਟ ਅਤੇ ਮੂਲ ਫੋਟੋ ਲਿਖਤੀ ਪ੍ਰੀਖਿਆ ਦੇ ਸਮੇਂ ਲਈ ਗਈ ਫੋਟੋ ਅਤੇ ਫਿੰਗਰ ਪਿ੍ਰੰਟ ਨਾਲ ਮੇਲ ਨਹੀਂ ਖਾ ਰਹੀ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਆਰੋਪੀ ਵੱਲੋਂ ਕੀਤੀ ਗਈ ਧਾਂਦਲੀ ਸਾਹਮਣੇ ਆ ਗਈ। ਇਸੇ ਤਰ੍ਹਾਂ ਸੰਦੀਪ ਕੁਮਾਰ ਨੇ ਪਿੰਡ ਫੱਤੂਆਲਾ ਨਿਵਾਸੀ ਨਰਿੰਦਰਪਾਲ ਸਿੰਘ ਦਾ ਫਰਜੀ ਆਧਾਰ ਕਾਰਡ ਅਤੇ ਫਰਜੀ ਵੋਟਰ ਕਾਰਡ ਦਾ ਇਸਤੇਮਾਲ ਕੀਤਾ ਸੀ ਪ੍ਰੰਤੂ ਬਾਇਓਮੀਟਿ੍ਰਕ ਪ੍ਰਕਿਰਿਆ ਦੌਰਾਨ ਸੰਦੀਪ ਕੁਮਾਰ ਦੀ ਚੋਰੀ ਵੀ ਸਾਹਮਣੇ ਆ ਗਈ।