-4.7 C
Toronto
Wednesday, December 3, 2025
spot_img
Homeਭਾਰਤਵਿਸ਼ਵ ਵਿੱਚ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਦਾ ਘਰ ਹੈ ਭਾਰਤ...

ਵਿਸ਼ਵ ਵਿੱਚ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਦਾ ਘਰ ਹੈ ਭਾਰਤ : ਮੁਰਮੂ

ਰਾਸ਼ਟਰਪਤੀ ਭਵਨ ਪਹੁੰਚਣ ‘ਤੇ ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਅਲ-ਇਸਾ ਦਾ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ਭਾਰਤ ਇਕ ਬਹੁ-ਸਭਿਆਚਾਰਕ ਅਤੇ ਬਹੁ-ਧਾਰਮਿਕ ਸਮਾਜ ਹੋਣ ਵਜੋਂ ਵਿਭਿੰਨਤਾ ਵਿੱਚ ਏਕਤਾ ਦਾ ਜਸ਼ਨ ਮਨਾਉਂਦਾ ਹੈ ਅਤੇ ਇਸ ਦੇ 20 ਕਰੋੜ ਤੋਂ ਵੱਧ ਮੁਸਲਮਾਨ ਲੋਕ ਦੇਸ਼ ਨੂੰ ਵਿਸ਼ਵ ਵਿੱਚ ਮੁਸਲਿਮ ਭਾਈਚਾਰੇ ਦੀ ਦੂਜੀ ਸਭ ਤੋਂ ਵੱਡੀ ਆਬਾਦੀ ਬਣਾਉਂਦੇ ਹਨ।
ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਮੁਸਲਿਮ ਵਿਸ਼ਵ ਲੀਗ ਦੇ ਸਕੱਤਰ ਜਨਰਲ ਮੁਹੰਮਦ ਬਿਨ ਅਬਦੁਲਕਰੀਮ ਅਲ-ਇਸਾ ਦਾ ਸਵਾਗਤ ਕਰਦਿਆਂ ਮੁਰਮੂ ਨੇ ਕਿਹਾ ਕਿ ਭਾਰਤ ਸਹਿਣਸ਼ੀਲਤਾ ਦੀਆਂ ਕਦਰਾਂ ਕੀਮਤਾਂ, ਚੇਤਨਾ ਜਾਗ੍ਰਿਤੀ ਅਤੇ ਅੰਤਰ-ਧਾਰਮਿਕ ਗੱਲਬਾਤ ਨੂੰ ਬੜ੍ਹਾਵਾ ਦੇਣ ਸਬੰਧੀ ਮੁਸਲਿਮ ਵਿਸ਼ਵ ਲੀਗ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ। ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਮੁਰਮੂ ਨੇ ਕਿਹਾ ਕਿ ਬਹੁ-ਸਭਿਆਚਾਰਕ, ਬਹੁ-ਭਾਸ਼ਾਈ, ਬਹੁ-ਨਸਲੀ ਅਤੇ ਬਹੁ-ਧਾਰਮਿਕ ਸਮਾਜ ਦੇ ਰੂਪ ਵਿੱਚ ਭਾਰਤ ਵਿਭਿੰਨਤਾ ਵਿੱਚ ਏਕਤਾ ਦਾ ਜਸ਼ਨ ਮਨਾਉਂਦਾ ਹੈ। ਉਨ੍ਹਾਂ ਕਿਹਾ, ”ਸਾਡੇ 20 ਕਰੋੜ ਤੋਂ ਵੱਧ ਮੁਸਲਮਾਨ ਭੈਣ-ਭਰਾ ਦੇਸ਼ ਨੂੰ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲਾ ਦੇਸ਼ ਬਣਾਉਂਦੇ ਹਨ।”
ਉਨ੍ਹਾਂ ਕਿਹਾ ਕਿ ਭਾਰਤ, ਸਾਊਦੀ ਅਰਬ ਦੇ ਨਾਲ ਆਪਣੇ ਸਬੰਧਾਂ ਨੂੰ ਕਾਫੀ ਅਹਿਮੀਅਤ ਦਿੰਦਾ ਹੈ। ਭਾਰਤ ਤੇ ਸਾਊਦੀ ਅਰਬ ਅਤਿਵਾਦ ਦੇ ਸਾਰੇ ਸਰੂਪਾਂ ਦੀ ਨਿਖੇਧੀ ਕਰਦੇ ਹਨ ਅਤੇ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਅਪੀਲ ਕਰਦੇ ਹਨ। ਬਿਆਨ ਮੁਤਾਬਕ, ”ਦੋਹਾਂ ਆਗੂਆਂ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਅਤਿਵਾਦ ਤੇ ਹਿੰਸਕ ਕੱਟੜਵਾਦ ਨਾਲ ਮੁਕਾਬਲਾ ਕਰਨ ਵਾਸਤੇ ਸੰਪੂਰਨ ਪਹੁੰਚ ਅਪਣਾਉਣ ਦੀ ਲੋੜ ਹੈ ਅਤੇ ਇਹ ਸਿਰਫ ਉਦਾਰਵਾਦੀ ਵਿਚਾਰਾਂ ਨਾਲ ਹੀ ਸੰਭਵ ਹੈ। ਰਾਸ਼ਟਰਪਤੀ ਨੇ ਕੱਟੜਵਾਦ, ਹਿੰਸਾ ਅਤੇ ਅਤਿਵਾਦ ਖਿਲਾਫ ਡਾ. ਅਲ-ਇਸਾ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਲ-ਇਸਾ ਦੇ ਭਾਰਤ ਦੌਰੇ ਨਾਲ ਮੁਸਲਿਮ ਵਿਸ਼ਵ ਲੀਗ ਨਾਲ ਸਹਿਯੋਗ ਦੇ ਹੋਰ ਰਸਤੇ ਖੁੱਲ੍ਹਣਗੇ। ਰਾਸ਼ਟਰਪਤੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਾ ਵਪਾਰ ਤੇ ਲੋਕਾਂ ਨਾਲ ਸਾਂਝ ਦਾ ਸੁਖਾਵੇਂ ਸਬੰਧਾਂ ਵਾਲਾ ਇਤਿਹਾਸ ਰਿਹਾ ਹੈ।

RELATED ARTICLES
POPULAR POSTS