Breaking News
Home / ਪੰਜਾਬ / ਰਾਮਪੁਰਾ ਫੂਲ ਦੀ ਰਾਧਿਕਾ ਸ਼ਰਮਾ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ

ਰਾਮਪੁਰਾ ਫੂਲ ਦੀ ਰਾਧਿਕਾ ਸ਼ਰਮਾ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ

ਸਿਰਫ਼ ਇਕ ਉਂਗਲੀ ਨਾਲ ਸਭ ਤੋਂ ਤੇਜ਼ ਰਫਤਾਰ ਨਾਲ ਟਾਈਪ ਕੀਤੀ ਅੰਗਰੇਜ਼ੀ ਵਰਣਮਾਲਾ
ਚੰਡੀਗੜ ਦੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਹੈ ਵਿਦਿਆਰਥਣ
ਚੰਡੀਗੜ/ਬਿਊਰੋ ਨਿਊਜ਼ : ਰਾਧਿਕਾ ਸ਼ਰਮਾ ਨੇ ਟੱਚਸਕਰੀਨ ਮੋਬਾਈਲ ਫੋਨ ਉਪਰ ਹੱਥ ਦੀ ਸਿਰਫ਼ ਇਕ ਉਂਗਲੀ ਨਾਲ ਏ ਤੋਂ ਜ਼ੈਡ ਤੱਕ ਅੰਗਰੇਜ਼ੀ ਵਰਣਮਾਲਾ ਸਭ ਤੋਂ ਤੇਜ਼ ਰਫਤਾਰ ਅਤੇ ਸਭ ਤੋਂ ਘੱਟ ਸਮੇਂ 4.57 ਸੈਕਿੰਡ ਵਿਚ ਟਾਈਪ ਕਰਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਰਾਧਿਕਾ ਪੰਜਾਬ ਦੇ ਬਠਿੰਡਾ ਜ਼ਿਲੇ ਦੇ ਕਸਬਾ ਫੂਲ ਟਾਊਨ (ਰਾਮਪੁਰਾ ਫੂਲ) ਨਾਲ ਸਬੰਧਿਤ ਹੈ ਅਤੇ ਉਹ ਚੰਡੀਗੜ ਦੇ ਸੇਂਟ ਜੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਹਾਲਾਂਕਿ ਉਸਨੇ ਇਹ ਰਿਕਾਰਡ 15 ਜਨਵਰੀ 2023 ਨੂੰ ਬਣਾ ਲਿਆ ਸੀ, ਲੇਕਿਨ ਗਿੰਨੀਜ਼ ਵਰਲਡ ਰਿਕਾਰਡ ਦੀ ਰਿਕਾਰਡ ਮੈਨੇਜਮੈਂਟ ਟੀਮ ਵਲੋਂ ਪੂਰੇ ਤਕਨੀਕੀ ਮੁਲਾਂਕਣ ਤੋਂ ਬਾਅਦ 6 ਜੂਨ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਉਪਰ ਇਹ ਰਿਕਾਰਡ ਕਾਇਮ ਹੋਣ ਦਾ ਰਸਮੀਂ ਐਲਾਨ ਕਰ ਦਿੱਤਾ।
ਰਾਧਿਕਾ ਨੇ ਯੂਨਾਈਟਿਡ ਅਰਬ ਅਮੀਰਾਤ ਦੇ ਮਿਕਾਇਲ ਫਿਰਾਜ਼ ਦੇ ਗਿੰਨੀਜ਼ ਵਰਲਡ ਰਿਕਾਰਡ ਨੂੰ ਤੋੜਿਆ ਹੈ। ਰਾਧਿਕਾ ਸ਼ਰਮਾ ਨੇ ਇਹ ਵਿਲੱਖਣ ਗਿੰਨੀਜ਼ ਵਰਲਡ ਰਿਕਾਰਡ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ, ਜੋ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਚ ਤਾਇਨਾਤ ਹਨ। ਰਾਧਿਕਾ ਦੇ ਪਿਤਾ ਗੌਤਮ ਰਿਸ਼ੀ ਅਤੇ ਮਾਂ ਮਨਪ੍ਰੀਤ ਸ਼ਰਮਾ ਦਾ ਕਹਿਣਾ ਹੈ ਕਿ ਉਨਾਂ ਦੀ ਬੇਟੀ ਬਹੁਤ ਹੀ ਸਮਝਦਾਰ ਲੜਕੀ ਹੈ ਅਤੇ ਹਮੇਸ਼ਾ ਨਵਾਂ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੀ ਹੈ। ਰਾਧਿਕਾ ਸ਼ਰਮਾ ਸੇਂਟ ਜ਼ੇਵੀਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ ਦੀ ਇੱਕ ਹੋਣਹਾਰ ਅਤੇ ਬਹੁਪੱਖੀ ਪ੍ਰਤਿਭਾ ਵਾਲੀ ਵਿਦਿਆਰਥਣ ਹੈ, ਜਿਥੇ ਉਹ ਵੱਖ-ਵੱਖ ਤਰਾਂ ਦੀਆਂ ਗਤੀਵਿਧੀਆਂ ਵਿਚ ਅਕਸਰ ਭਾਗ ਲੈਂਦੀ ਰਹਿੰਦੀ ਹੈ। ਉਨਾਂ ਕਿਹਾ ਕਿ ਰਾਧਿਕਾ ਦੇ ਇਸ ਵਿਲੱਖਣ ਕਾਰਨਾਮੇ ਨਾਲ ਪਰਿਵਾਰ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।
ਰਾਧਿਕਾ ਸ਼ਰਮਾ ਬਠਿੰਡਾ ਜਿਲੇ ਦੀ ਪਹਿਲੀ ਲੜਕੀ ਹੈ, ਜਿਸਨੇ ਗਿੰਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕੀਤਾ ਹੈ। ਉਸਦੇ ਦਾਦਾ ਬਲਬੀਰ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨਾਂ ਦੀ ਹੋਣਹਾਰ ਪੋਤਰੀ ਦੀ ਇਸ ਕੋਸ਼ਿਸ਼ ਨਾਲ ਰਾਮਪੁਰਾ ਫੂਲ ਸ਼ਹਿਰ ਦਾ ਨਾਮ ਇਸ ਵਿਸ਼ਵ ਪ੍ਰਸਿੱਧ ਰਿਕਾਰਡ ਵਿਚ ਚਮਕਿਆ ਹੈ ਅਤੇ ਸਮੁੱਚੇ ਸ਼ਹਿਰ ਤੇ ਜੱਦੀ ਨਗਰ ਫੂਲ ਲਈ ਮਾਣ ਵਾਲੀ ਗੱਲ ਹੈ।

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …