ਜਲੰਧਰ ਤੋਂ ਜਿੱਤ ਕੇ ਰਿੰਕੂ ਪਹੁੰਚੇ ਹਨ ਲੋਕ ਸਭਾ
ਨਵੀਂ ਦਿੱਲੀ/ਬਿਊਰੋ ਨਿਊਜ਼
ਜਲੰਧਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਵਿਕਾਸ ਸਬੰਧੀ ਯੋਜਨਾਵਾਂ ’ਤੇ ਚਰਚਾ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਿੰਕੂ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਅਤੇ ਅਸ਼ੋਕ ਮਿੱਤਲ ਵੀ ਹਾਜ਼ਰ ਸਨ। ਮੀਟਿੰਗ ਮਗਰੋਂ ਧੰਨਵਾਦ ਕਰਦਿਆਂ ਰਿੰਕੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਸਦਕਾ ਹੀ ਉਹ ਜਲੰਧਰ ਲੋਕ ਸਭਾ ਚੋਣ ਜਿੱਤਣ ਦੇ ਯੋਗ ਹੋਏ ਹਨ। ਉਨ੍ਹਾਂ ਭਗਵੰਤ ਮਾਨ ਦੀ ਭੂਮਿਕਾ ਬਾਰੇ ਵੀ ਗੱਲਬਾਤ ਕੀਤੀ ਅਤੇ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਦਾ ਸਿਹਰਾ ਪਿਛਲੇ ਇੱਕ ਸਾਲ ਦੌਰਾਨ ਪਾਰਟੀ ਵੱਲੋਂ ਪੰਜਾਬ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਸਿਰ ਬੰਨ੍ਹਿਆ। ਸੰਸਦ ਮੈਂਬਰ ਨੇ ਨਿਰਮਾਣ ਅਧੀਨ ਫਲਾਈਓਵਰਾਂ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਨੇਪਰੇ ਚਾੜਨ ’ਤੇ ਜ਼ੋਰ ਦਿੱਤਾ। ਉਨ੍ਹਾਂ ਆਦਮਪੁਰ ਹਵਾਈ ਅੱਡੇ ਦੇ ਰੁਕੇ ਕੰਮ ਦਾ ਜ਼ਿਕਰ ਕਰਦਿਆਂ ਕਿਹਾ ਉਹ ਇਹ ਮੁੱਦੇ ਲੋਕ ਸਭਾ ਵਿੱਚ ਉਠਾਉਣਗੇ। ਸੁਸ਼ੀਲ ਰਿੰਕੂ ਨੇ ਕਿਹਾ, ‘‘ਭਾਵੇਂ ਕਿ ਮੈਂ ਬਹੁਤ ਥੋੜ੍ਹੇ ਸਮੇਂ ਲਈ ਚੁਣਿਆ ਗਿਆ ਹਾਂ, ਪਰ ਹਲਕੇ ਲਈ ‘ਆਪ’ ਦਾ ਰੋਡਮੈਪ ਮੇਰੇ ਮੌਜੂਦਾ ਕਾਰਜਕਾਲ ਅਤੇ ਲੰਬੇ ਸਮੇਂ ਲਈ ਹੋਵੇਗਾ।’’