Breaking News
Home / ਭਾਰਤ / ਦਿੱਲੀ ਦੇ ਮੇਅਰ ਦਾ ਅਹੁਦਾ ਫਿਰ ਆਮ ਆਦਮੀ ਪਾਰਟੀ ਨੂੰ ਮਿਲਿਆ

ਦਿੱਲੀ ਦੇ ਮੇਅਰ ਦਾ ਅਹੁਦਾ ਫਿਰ ਆਮ ਆਦਮੀ ਪਾਰਟੀ ਨੂੰ ਮਿਲਿਆ

ਭਾਜਪਾ ਨੇ ਆਪਣੇ ਉਮੀਦਵਾਰ ਦਾ ਨਾਮ ਵਾਪਸ ਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼ੈਲੀ ਓਬਰਾਏ ਅੱਜ ਬੁੱਧਵਾਰ ਨੂੰ ਦੁਬਾਰਾ ਫਿਰ ਦਿੱਲੀ ਨਗਰ ਨਿਗਮ ਦੀ ਮੇਅਰ ਬਣ ਗਈ ਹੈ। ਇਸ ਅਹੁਦੇ ਦੇ ਲਈ ਅੱਜ ਹੀ ਵੋਟਿੰਗ ਹੋਣੀ ਸੀ, ਪਰ ਵੋਟਿੰਗ ਤੋਂ ਪਹਿਲਾਂ ਭਾਜਪਾ ਨੇ ਆਪਣੀ ਉਮੀਦਵਾਰ ਸ਼ਿਖਾ ਰਾਏ ਅਤੇ ਡਿਪਟੀ ਮੇਅਰ ਅਹੁਦੇ ਦੇ ਉਮੀਦਵਾਰ ਦਾ ਨਾਮ ਵਾਪਸ ਲੈ ਲਿਆ ਗਿਆ। ਇਸ ਤੋਂ ਪਹਿਲਾਂ ਲੰਘੀ 22 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਸ਼ੈਲੀ ਓਬਰਾਏ ਮੇਅਰ ਬਣੀ ਸੀ ਅਤੇ ਉਸ ਸਮੇਂ ਇਨ੍ਹਾਂ ਦਾ ਕਾਰਜਕਾਲ 38 ਦਿਨ ਦਾ ਸੀ, ਜੋ ਹੁਣ ਖ਼ਤਮ ਹੋ ਰਿਹਾ ਸੀ। ਇਸੇ ਕਰਕੇ ਮੇਅਰ ਦੀਆਂ ਚੋਣਾਂ ਦੁਬਾਰਾ ਹੋ ਰਹੀਆਂ ਸਨ ਕਿਉਂਕਿ ਦਿੱਲੀ ਐਮ.ਸੀ.ਡੀ. ਦਾ ਕਾਰਜਕਾਲ ਇਕ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਅਤੇ ਅਗਲੇ ਸਾਲ 31 ਮਾਰਚ ਨੂੰ ਸਮਾਪਤ ਹੁੰਦਾ ਹੈ। ਉਧਰ ਦੂਜੇ ਪਾਸੇ ਭਾਜਪਾ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਾਸੇ ਹਟਣ ਦਾ ਫੈਸਲਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਿਆਨ ਵਿਚ ਦੱਸਿਆ ਗਿਆ ਕਿ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਮ ਆਦਮੀ ਪਾਰਟੀ ਸਥਾਈ ਕਮੇਟੀ ਅਤੇ ਵਾਰਡ ਕਮੇਟੀਆਂ ਦਾ ਗਠਨ ਨਹੀਂ ਹੋਣ ਦੇ ਰਹੀ ਹੈ। ਜਿਸ ਕਾਰਨ ਨਗਰ ਨਿਗਮ ਵਿਚ ਕੋਈ ਕੰਮ ਨਹੀਂ ਹੋ ਰਿਹਾ ਹੈ।

Check Also

ਕਿਸਾਨ 15 ਅਗਸਤ ਨੂੰ ਭਾਰਤ ਭਰ ’ਚ ਕਰਨਗੇ ਟਰੈਕਟਰ ਮਾਰਚ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …