Breaking News
Home / ਭਾਰਤ / ਤਾਜ਼ਾ ਖਾਣੇ ਨਾਲ ਸੰਗੀਤ ਦਾ ਅਨੰਦ ਮਾਣਨਗੇ ਗਾਹਕ

ਤਾਜ਼ਾ ਖਾਣੇ ਨਾਲ ਸੰਗੀਤ ਦਾ ਅਨੰਦ ਮਾਣਨਗੇ ਗਾਹਕ

gurdass-maan-copy-copyਗੁਰਦਾਸ ਮਾਨ ਖੋਲ੍ਹਣਗੇ ਰੈਸਟੋਰੈਂਟ
ਨਵੀਂ ਦਿੱਲੀ : ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਛੇਤੀ ਹੀ ਰੇਸਤਰਾਂ ਕਾਰੋਬਾਰ ਵਿਚ ਕਦਮ ਰੱਖਣ ਜਾ ਰਹੇ ਹਨ। ਉਨ੍ਹਾਂ ਦਿੱਲੀ ਦੀ ਇਕ ਨੋਅ ਕੈਪੀਟਲ ਫਰਮ ਨਾਲ ਭਾਈਵਾਲੀ ਕਰਕੇ ਰੇਸਤਰਾਂ ਬਰਾਂਡ ‘ਦ ਸਟੂਡੀਓ-ਬਾਏ ਗੁਰਦਾਸ ਮਾਨ’ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਰਸੋਈ ਤੇ ਕਲਾ ਦੇ ਪ੍ਰਦਰਸ਼ਨ ਨੂੰ ਉਭਾਰਿਆ ਜਾਏਗਾ।
ਇਨ੍ਹਾਂ ਰੈਸਤਰਾਂ ਵਿਚ ਬਿਹਤਰੀਨ ਖਾਣਿਆਂ ਦੇ ਨਾਲ ਲਾਈਵ ਮਿਊਜ਼ੀਕਲ ਪਰਫਾਰਮੈਂਸ ਨੂੰ ਪੇਸ਼ ਕੀਤਾ ਜਾਏਗਾ।  ਰੇਸਤਰਾਂ ਦੇ ਮੀਨੂ ਵਿਚ ਪੰਜਾਬੀ ਖਾਣਿਆਂ ਨੂੰ ਤਰਜੀਹ ਦਿੱਤੀ ਜਾਏਗੀ। ਲਾਈਵ ਸੰਗੀਤ ਲਈ ਚੋਟੀ ਦੇ ਪੰਜਾਬੀ ਗਾਇਕਾਂ ਦੀ ਸਹਾਇਤਾ ਲਈ ਜਾਏਗੀ ਤਾਂਕਿ ਆਮ ਲੋਕਾਂ ਨੂੰ ਸੰਗੀਤ ਰਾਹੀਂ ਕੁਦਰਤ ਦਾ ਅਹਿਸਾਸ ਕਰਾਇਆ ਜਾ ਸਕੇ।
ਇਨ੍ਹਾਂ ਪ੍ਰੋਗਰਾਮਾਂ ਵਿਚ ਉਭਰਦੇ ਗਾਇਕਾਂ ਨੂੰ ਵੀ ਮੌਕਾ ਦਿੱਤਾ ਜਾਏਗਾ। ਗੁਰਦਾਸ ਮਾਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੇ ਦੇਸ਼-ਵਿਦੇਸ਼ ਦੇ ਦੌਰਿਆਂ, ਰਿਕਾਰਡਿੰਗ ਤੇ ਵੱਖ-ਵੱਖ ਸੱਭਿਆਚਾਰਕ ਸਮਾਗਮਾਂ ਦੌਰਾਨ ਮੈਨੂੰ ਵੱਖ-ਵੱਖ ਸੱਭਿਆਚਾਰ ਦੇ ਗਾਇਕਾਂ ਤੇ ਉਭਰਦੇ ਟੇਲੈਂਟ ਨੂੰ ਜਾਣਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾਂ ਚਾਹਿਆ ਹੈ ਕਿ ਉਭਰਦੇ ਗਾਇਕਾਂ ਨੂੰ ਉਭਾਰਨ ਲਈ ਉਨ੍ਹਾਂ ਨੂੰ ਢੁੱਕਵਾਂ ਮੌਕਾ ਦਿਆਂ ਪ੍ਰੰਤੂ ਅਜੇ ਤੱਕ ਅਜਿਹਾ ਹੋ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਜੜ੍ਹ ਨਾਲ ਜੁੜੇ ਰਹਿਣਾ ਚਾਹੀਦਾ ਹੈ। ਆਪਣੇ ਦੇਸ਼-ਵਿਦੇਸ਼ ਦੇ ਦੌਰਿਆਂ ਦੌਰਾਨ ਮੈਂ ਹਮੇਸ਼ਾ ਆਪਣੀਆਂ ਬਚਪਨ ਦੀਆਂ ਯਾਦਾਂ ਤੇ ਫਾਰਮਾਂ ਤੋਂ ਲਿਆਂਦੀਆਂ ਤਾਜ਼ਾ ਸਬਜ਼ੀਆਂ ਦੇ ਸਵਾਦ ਦਾ ਜ਼ਿਕਰ ਕਰਦਾ ਹਾਂ।
ਇਸ ਤੋਂ ਇਲਾਵਾ ਮੈਂ ਵੱਖ-ਵੱਖ ਭਾਰਤੀ ਖਾਣਿਆਂ ਦਾ ਵੀ ਵਰਣਨ ਕਰਦਾ ਹਾਂ। ਨੋਅ ਕੈਪੀਟਲ ਦੇ ਬਾਨੀ ਤੇ ਪਾਰਟਨਰ ਸਾਹਿਲ ਬਵੇਜਾ ਨੇ ਕਿਹਾ ਕਿ ਉਨ੍ਹਾਂ ਦੀ ਉਕਤ ਬਰਾਂਡ ਦੇ ਰੇਸਤਰਾਂ ਦਿੱਲੀ, ਚੰਡੀਗੜ੍ਹ, ਪੰਜਾਬ ਤੇ ਮੁੰਬਈ ‘ਚ 2017 ਦੇ ਪਹਿਲੀ ਤਿਮਾਹੀ ਵਿਚ ਖੋਲ੍ਹਣ ਦੀ ਯੋਜਨਾ ਹੈ। ਇਸ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਵਿਚ ਕਦਮ ਰੱਖਿਆ ਜਾਏਗਾ। ਮਾਨ ਨੂੰ ਆਸ ਹੈ ਕਿ ਵਧੀਆ ਖਾਣੇ ਦੇ ਨਾਲ ਸੰਗੀਤ ਦੇ ਸੁਮੇਲ ਨਾਲ ਗਾਹਕਾਂ ਨੂੰ ਪੂਰੀ ਸੰਤੁਸ਼ਟੀ ਮਿਲੇਗੀ। ਮਾਨ ਤੇ ਰੇਸਤਰਾਂ ਬਰਾਂਡ ਮੀਡੀਆ ਪਾਰਟਨਰ ਦੇਸ਼-ਵਿਆਪੀ ਟੇਲੈਂਟ ਹੰਟ ਪ੍ਰੋਗਰਾਮ ਵੀ ਕਰਾਉਣਗੇ। ਫਾਈਨਲ ਵਿਚ ਚੁਣੇ ਗਏ ਗਾਇਕਾਂ ਨੂੰ ਮਾਨ ਤੇ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਸਿਖਲਾਈ ਦੇਵੇਗੀ।
ਇਨ੍ਹਾਂ ਗਾਇਕਾਂ ਨੂੰ ਰੇਸਤਰਾਂ ਦੇ ਚੇਨ ਵਿਚ ਗਾਉਣ ਦਾ ਮੌਕਾ ਮਿਲੇਗਾ ਤੇ ਉਨ੍ਹਾਂ ਦੀ ਐਲਬਮ ਕੱਢਣ ਵਿਚ ਵੀ ਮਦਦ ਕੀਤੀ ਜਾਏਗੀ। ਨੋ ਕੈਪੀਟਲ ਦੇ ਪਾਰਟਨਰ ਤੁਸ਼ਾਰ ਗੁਲਾਟੀ ਨੇ ਕਿਹਾ ਕਿ ਸੰਗੀਤ ਦੇ ਨਾਲ-ਨਾਲ ਸਾਡੀ ਰੇਸਤਰਾਂ ਚੇਨ ਉੱਤਮ ਕੁਆਲਿਟੀ ਦੇ ਖਾਣੇ ਤਿਆਰ ਕਰਨ ਨੂੰ ਤਰਜੀਹ ਦੇਵੇਗੀ ਜਿਸ ਲਈ ਤਾਜ਼ਾ ਚੱਕੀ ਦਾ ਆਟਾ, ਘਰ ਦਾ ਮੱਖਣ ਤੇ ਫਾਰਮਾਂ ਤੋਂ ਲਿਆਂਦੀਆਂ ਤਾਜ਼ਾ ਸਬਜ਼ੀਆਂ ਦੀ ਵਰਤੋਂ ਸ਼ਾਮਿਲ ਹੈ। ਹਰੇਕ ਖਾਣੇ ਦਾ ਆਪਣਾ ਜ਼ਾਇਕਾ ਹੋਵੇਗਾ ਭਾਵੇਂ ਉਹ ਚਿਲੀ ਚਿੱਕਨ ਹੋਵੇ ਜਾਂ ਅੰਮ੍ਰਿਤਸਰੀ ਕੁਲਚੇ ਛੋਲੇ ਜਾਂ ਲੰਡਨ ਦੇ ਵਿਸ਼ੇਸ਼ ਚਾਵਲਾਂ ਤੋਂ ਬਣਾਏ ਖਾਣੇ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …