ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ‘ਤੇ ਰਾਸ਼ਟਰਪਤੀ ਵੱਲੋਂ ਦੇਸ਼ ਦੇ ਨਾਮ ਸੁਨੇਹਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਨੂੰ ਨੈਤਿਕਤਾ ਦਾ ਸੁਨੇਹਾ ਦਿੱਤਾ ਹੈ ਜਿਸਦੇ ਮਾਰਗ ‘ਤੇ ਚੱਲਣ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਬ ਸੰਧਿਆ ‘ਤੇ ਕੌਮ ਦੇ ਨਾਮ ਆਪਣੇ ਪਲੇਠੇ ਸੰਦੇਸ਼ ‘ਚ ਕਿਹਾ ਕਿ ਸੰਵਿਧਾਨ ਦੁਨੀਆ ਦੀ ਪੁਰਾਣੀ ਸੱਭਿਅਤਾ ਦੇ ਮਾਨਵੀ ਦਰਸ਼ਨ ਅਤੇ ਨਵੇਂ ਵਿਚਾਰਾਂ ਤੋਂ ਪ੍ਰੇਰਿਤ ਹੈ।
ਸ੍ਰੀਮਤੀ ਮੁਰਮੂ ਨੇ ਕਿਹਾ, ”ਰਾਸ਼ਟਰ ਡਾਕਟਰ ਬੀ ਆਰ ਅੰਬੇਡਕਰ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਸੀ ਅਤੇ ਸੰਵਿਧਾਨ ਨੂੰ ਅੰਤਿਮ ਰੂਪ ਦੇਣ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਸਾਨੂੰ ਸੰਵਿਧਾਨ ਤਿਆਰ ਕਰਨ ‘ਚ ਸਹਾਇਤਾ ਕਰਨ ਵਾਲੇ ਹੋਰ ਮਾਹਿਰਾਂ ਅਤੇ ਅਧਿਕਾਰੀਆਂ ਨੂੰ ਵੀ ਯਾਦ ਰੱਖਣਾ ਕਰਨਾ ਚਾਹੀਦਾ ਹੈ।”
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਸ ਅਸੈਂਬਲੀ ਦੇ ਮੈਂਬਰਾਂ ‘ਚ ਸਾਰੇ ਖਿੱਤਿਆਂ ਅਤੇ ਭਾਈਚਾਰਿਆਂ ਦੇ ਨੁਮਾਇੰਦੇ ਸਨ ਅਤੇ ਉਨ੍ਹਾਂ ‘ਚ 15 ਮਹਿਲਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ।
ਉਨ੍ਹਾਂ ਦਾ ਨਜ਼ਰੀਆ ਸੰਵਿਧਾਨ ‘ਚ ਝਲਕਦਾ ਹੈ ਜੋ ਸਾਡੇ ਗਣਤੰਤਰ ਦਾ ਲਗਾਤਾਰ ਮਾਰਗ ਦਰਸ਼ਨ ਕਰ ਰਿਹਾ ਹੈ। ਇਸ ਸਮੇਂ ਦੌਰਾਨ ਭਾਰਤ ਗਰੀਬ ਅਤੇ ਅਨਪੜ੍ਹ ਮੁਲਕ ਤੋਂ ਭਰੋਸੇਮੰਦ ਮੁਲਕ ‘ਚ ਬਦਲ ਗਿਆ ਜੋ ਹੁਣ ਆਲਮੀ ਪੱਧਰ ‘ਤੇ ਅਗਾਂਹ ਵਧ ਰਿਹਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਬਦਲਾਅ ਸੰਵਿਧਾਨ ਨਿਰਮਾਤਾਵਾਂ ਦੇ ਗਿਆਨ ਬਿਨਾਂ ਸੰਭਵ ਨਹੀਂ ਸੀ ਜਿਨ੍ਹਾਂ ਸਾਡੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰਾਂ ਦੀਆਂ ਆਸਾਂ ‘ਤੇ ਖਰਾ ਉਤਰਿਆ ਹੈ ਪਰ ਫਿਰ ਵੀ ਸਾਨੂੰ ਅਜੇ ਬਹੁਤਾ ਕੁਝ ਕਰਨ ਦੀ ਲੋੜ ਹੈ।
21 ਟਾਪੂਆਂ ਦੇ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ‘ਤੇ ਰੱਖੇ
ਮੋਦੀ ਨੇ ਨੇਤਾਜੀ ਸਮਾਰਕ ਮਾਡਲ ਦਾ ਵੀ ਕੀਤਾ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਾਕਰਮ ਦਿਵਸ ਮੌਕੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਟਾਪੂਆਂ ਦੇ ਨਾਮ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ‘ਤੇ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਵਰਚੂਅਲ ਤੌਰ ‘ਤੇ ਕੀਤੇ ਸਮਾਗਮ ਦੌਰਾਨ ਇਨ੍ਹਾਂ ਟਾਪੂਆਂ ਨੂੰ ਨਾਂਅ ਦਿੰਦਿਆਂ ਕਿਹਾ ਕਿ ਟਾਪੂਆਂ ਦੇ ਨਾਵਾਂ ‘ਤੇ ਗੁਲਾਮੀ ਦੀ ਛਾਪ ਸੀ। ਹੁਣ ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ‘ਤੇ ਟਾਪੂਆਂ ਦਾ ਨਾਂਅ ਰੱਖਣ ਨਾਲ ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਥਲ ਹੋਵੇਗਾ। ਪ੍ਰਧਾਨ ਮੰਤਰੀ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ, ਜਨਮ ਦਿਨ ਨੂੰ 2021 ‘ਚ ਪਰਾਕਰਮ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ, ਨੂੰ ਸਮਰਪਿਤ ਸਮਾਰਕ ਮਾਡਲ ਦਾ ਵੀ ਉਦਘਾਟਨ ਕੀਤਾ।
ਇਹ ਮਾਡਲ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀਪ, ਜਿਸ ਨੂੰ 2018 ਤੋਂ ਰੋਸ ਆਈਸਲੈਂਡ ਵਜੋਂ ਜਾਣਿਆ ਜਾਂਦਾ ਸੀ, ‘ਚ ਸਥਿਤ ਹੈ।
ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਡੇਮਾਨ ਨਿਕੋਬਾਰ ਟਾਪੂ ‘ਤੇ ਮੌਜੂਦ ਸਨ। ਮੋਦੀ ਨੇ ਸਭ ਤੋਂ ਵੱਡੇ ਟਾਪੂ ਦਾ ਨਾਂਅ ਪਹਿਲੇ ਪਰਮਵੀਰ ਚੱਕਰ ਪੁਰਸਕਾਰ ਜੇਤੂ ਮੇਜਰ ਸੋਮਨਾਥ ਸ਼ਰਮਾ ਦੇ ਨਾਂਅ ‘ਤੇ ਕੀਤਾ ਜੋ ਕਿ 3 ਨਵੰਬਰ, 1947 ਨੂੰ ਪਾਕਿਸਤਾਨ ਵਲੋਂ ਕੀਤੇ ਹਮਲੇ ਦਾ ਜਵਾਬ ਦਿੰਦਿਆਂ ਸ਼ਹੀਦ ਹੋਏ ਸੀ। ਇਸ ਤੋਂ ਇਲਾਵਾ ਭਾਰਤ-ਚੀਨ ਜੰਗ ‘ਚ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੇ ਮੇਜਰ ਸ਼ੈਤਾਨ ਸਿੰਘ, ਕਾਰਗਿਲ ਜੰਗ ਦੇ ਹੀਰੋ ਕੈਪਟਨ ਵਿਕਰਮ ਬਤਰਾ ਅਤੇ ਮਨੋਜ ਪਾਂਡੇ 1947 ਦੀ ਭਾਰਤ-ਪਾਕਿਸਤਾਨ ਜੰਗ ‘ਚ ਸ਼ਾਮਿਲ ਨਾਇਕ ਜਦੁਨਾਥ ਸਿੰਘ, ਮੇਜਰ ਰਾਮ ਰਘੇਬਾ ਰਾਣੇ, ਕੈਪਟਨ ਕਰਮ ਸਿੰਘ, ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ, ਭਾਰਤ-ਚੀਨ ਜੰਗ 1962 ‘ਚ ਸ਼ਾਮਿਲ ਕਰਨਲ ਧਨ ਸਿੰਘ ਥਾਪਾ, ਕੈਪਟਨ ਗੁਰਬਚਨ ਸਿੰਘ ਲੈਫ਼ਟੀਨੈਂਟ ਕਰਨਲ ਅਰਦੀਸ਼ਰ ਤਾਰਾਪੋਰ, ਭਾਰਤ-ਪਾਕਿਸਤਾਨ ਜੰਗ 1971 ‘ਚ ਸ਼ਾਮਿਲ ਨਾਂਸ ਨਾਇਕ ਅਲਬਰਟ ਏਕਾ, ਫਲਾਇੰਗ ਆਫ਼ਿਸਰ ਨਿਰਮਲਜੀਤ ਸਿੰਘ ਸੇਖੋਂ, ਸੈਕਿੰਡ ਲੈਫ਼ਟੀਨੈਂਟ ਅਰੁਣ ਖੇਤਰਪਾਲ, ਮੇਜਰ ਹੋਸ਼ਿਆਰ ਸਿੰਘ, 1987 ‘ਚ ਸ੍ਰੀਲੰਕਾ ‘ਚ ਭਾਰਤੀ ਸ਼ਾਂਤੀ ਸੈਨਾ ਦੇ ਸ਼ਹੀਦ ਮੇਜਰ ਰਾਮਾਸਵਾਮੀ ਪਰਮੇਸ਼ਵਰਨ, 1987 ‘ਚ ਸਿਆਚਿਨ ‘ਚ ਪਾਕਿਸਤਾਨ ਤੋਂ ਪੋਸਟ ਖੋਹਣ ਵਾਲੇ ਨਾਇਕ ਸੂਬੇਦਾਰ ਬਾਨਾ ਸਿੰਘ, ਕਾਰਗਿਲ ਜੰਗ ‘ਚ ਸ਼ਾਮਲ ਕੈਪਟਨ ਯੋਗੇਂਦਰ ਸਿੰਘ ਯਾਦਵ ਅਤੇ ਸੂਬੇਦਾਰ ਮੇਜਰ ਸੰਜੈ ਕੁਮਾਰ ਦੇ ਨਾਂਅ ‘ਤੇ ਟਾਪੂਆਂ ਦੇ ਨਾਂਅ ਰੱਖੇ ਗਏ।