ਦੇਸ਼ ਭਰ ’ਚ ਰਿਲੀਜ਼ ਹੋਣ ਪਹਿਲਾਂ ਹੀ ਲੀਕ ਹੋਈ ਫ਼ਿਲਮ ‘ਪਠਾਨ’
ਦਿੱਲੀ/ਬਿਊਰੋ ਨਿਊਜ਼ : ਸ਼ਾਹਰੁਖ ਖਾਨ ਦੀ ਫ਼ਿਲਮ ‘ਪਠਾਨ’ ਅੱਜ ਬੁੱਧਵਾਰ ਨੂੰ ਦੇਸ਼ ਭਰ ’ਚ 5 ਹਜ਼ਾਰ 200 ਸਕਰੀਨਾਂ ’ਤੇ ਰਿਲੀਜ਼ ਕੀਤੀ ਗਈ ਹੈ। ਕਿਤੇ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਅਤੇ ਕਿਤੇ ਫ਼ਿਲਮ ‘ਪਠਾਨ’ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੱਧ ਪ੍ਰਦੇਸ਼ ਦੇ ਇੰਦੌਰ ’ਚ ਹਿੰਦੂ ਸੰਗਠਨਾਂ ਦੇ ਵਿਰੋਧ ਨੂੰ ਦੇਖਦਿਆਂ ਫ਼ਿਲਮ ਦਾ ਪਹਿਲਾ ਸ਼ੋਅ ਕਰ ਰੱਦ ਦਿੱਤਾ ਗਿਆ ਹੈ, ਉਥੇ ਹੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਵੀ ਫ਼ਿਲਮ ਦੇ ਖਿਲਾਫ ਸਿਨੇਮਾ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਬਿਹਾਰ ਅਤੇ ਉਤਰ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਫ਼ਿਲਮ ਦੇ ਪੋਸਟਰਾਂ ਨੂੰ ਵੀ ਫਾੜ ਦਿੱਤਾ ਗਿਆ ਹੈ। ਉਧਰ ਭਾਰੀ ਵਿਰੋਧ ਦੇ ਬਾਵਜੂਦ ਜਦੋਂ ਪਹਿਲਾ ਸ਼ੋਅ ਹੋਇਆ ਤਾਂ 300 ਸਕਰੀਨਾਂ ਹੋਰ ਵਧਾਉਣੀਆਂ ਪਈਆਂ ਹੁਣ ਫ਼ਿਲਮ ਪਠਾਣ ਦੇਸ਼ ’ਚ 5 ਹਜ਼ਾਰ 500 ਸਕਰੀਨਾਂ ’ਤੇ ਦਿਖਾਈ ਜਾ ਰਹੀ ਹੈ। ਦੂਜੇ ਪਾਸੇ ਸਿਨੇਮਾਘਰਾਂ ਵਿਚ ਫਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਹੀ ਫਿਲਮ ਦੇ ਲੀਕ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫਿਲਮ ਦੀ ਪਾਏਰੇਟਿਡ ਕਾਪੀ ਫ਼ਿਲਮੀ ਜ਼ਿਲ੍ਹਾ ਅਤੇ ਫ਼ਿਲਮੀ ਫੋਰੈਪ ’ਤੇ ਮਿਲ ਰਹੀ ਹੈ। ਫ਼ਿਲਮ ਮੇਕਰ ਨੇ ਫੈਨਜ਼ ਨੂੰ ਸਿਨੇਮਾਘਰਾਂ ਵਿਚ ਜਾ ਕੇ ਹੀ ਫ਼ਿਲਮ ਦੇਖਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਿਨੇਮਾਘਰਾਂ ’ਚ ਫ਼ਿਲਮ ਦੀ ਵੀਡੀਓਗ੍ਰਾਫ਼ੀ ਨਾ ਕੀਤੀ ਜਾਵੇ ਅਤੇ ਨਾ ਹੀ ਇਸ ਨੂੰ ਕਿਸੇ ਦੇ ਨਾਲ ਸ਼ੇਅਰ ਕੀਤਾ ਜਾਵੇ।