ਬਿਨਾ ਬਿੱਲ ਦੇ ਜਾ ਰਹੇ ਟਰੱਕਾਂ ਦੇ ਮਾਲਕਾਂ ਨੂੰ ਲਗਾਏ ਜੁਰਮਾਨੇ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਤੇ ਆਬਕਾਰੀ ਵਿਭਾਗ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸ਼ਨੀਵਾਰ ਸਵੇਰੇ ਰਾਜਪੁਰਾ ’ਚ ਦਿੱਲੀ-ਅੰਮਿ੍ਰਤਸਰ ਨੈਸ਼ਨਲ ਹਾਈਵੇ ’ਤੇ ਨਾਕਾ ਲਗਾ ਕੇ 100 ਦੇ ਕਰੀਬ ਟਰੱਕਾਂ ਦੀ ਚੈਕਿੰਗ ਕੀਤੀ। ਜੀਐੱਸਟੀ ਦੀ ਚੋਰੀ ਰੋਕਣ ਲਈ ਕੀਤੀ ਗਈ ਚੈਕਿੰਗ ਦੌਰਾਨ ਬਗ਼ੈਰ ਬਿੱਲਾਂ ਵਾਲੇ 20 ਤੋਂ ਵੱਧ ਟਰੱਕਾਂ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਕੀਤਾ ਗਿਆ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਹਲਕੇ ਵਿਚ ਜਾ ਰਹੇ ਸਨ ਤੇ ਰਸਤੇ ਵਿਚ ਹੀ ਉਨ੍ਹਾਂ ਨੂੰ ਜੀਐੱਸਟੀ ਚੋਰੀ ਕਰਨ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ। ਜਿਸ ਕਰਕੇ ਮੰਤਰੀ ਨੇ ਅਫ਼ਸਰਾਂ ਨੂੰ ਨਾਲ ਲੈ ਕੇ ਅੱਜ ਇਹ ਅਚਨਚੇਤ ਚੈਕਿੰਗ ਕੀਤੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇਸ ਪ੍ਰਕਾਰ ਦੀ ਇਹ ਪਹਿਲੀ ਕਾਰਵਾਈ ਕੀਤੀ ਗਈ ਹੈ। ਕਿਉਂਕਿ ਇਸ ਤੋਂ ਪਹਿਲਾਂ ਜੀਐਸਟੀ ਵਿਭਾਗ ’ਤੇ ਕਈ ਵਾਰ ਆਰੋਪ ਲੱਗਦੇ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਜੀਐਸਟੀ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਇਹ ਲਗਾਤਾਰ ਸਪੱਸ਼ਟ ਕਰਦੀ ਆ ਰਹੀ ਹੈ ਕਿ ਭਿ੍ਰਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।