ਸੈਂਕੜੇ ‘ਆਪ’ ਸਮਰਥਕਾਂ ਨੇ ਐਲਜੀ ਦਫ਼ਤਰ ਦਾ ਕੀਤਾ ਘਿਰਾਓ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਲਈ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਵਿਵਾਦ ਕਾਫੀ ਵਧ ਗਿਆ ਹੈ। ਭਾਰੀ ਹੰਗਾਮੇ ਦੇ ਚਲਦਿਆਂ ਲੰਘੇ ਕੱਲ੍ਹ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਹੀਂ ਹੋ ਸਕੀ ਸੀ, ਜਿਸ ਚਲਦਿਆਂ ਸਦਨ ਦੀ ਕਾਰਵਾਈ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਸੜਕਾਂ ’ਤੇ ਉਤਰ ਆਈ ਹੈ ਅਤੇ ਇਕ-ਦੂਜੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਐਲ ਜੀ ਵੀ ਕੇ ਸਕਸੇਨਾ ਦੇ ਦਫ਼ਤਰ ਦੇ ਬਾਹਰ ‘ਆਪ’ ਸਮਰਥਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ‘ਆਪ’ ਵਿਧਾਇਕ ਆਤਿਸ਼ੀ ਨੇ ਮੰਗ ਕੀਤੀ ਹੈ ਕਿ ਭਾਜਪਾ ਅਤੇ ਐਲਜੀ ਵੀ ਕੇ ਸਕਸੇਨਾ ਲਿਖਤ ’ਚ ਸਟੇਟਮੈਂਟ ਦੇਣ ਕਿ ਨਾਮਜ਼ਦ ਮੈਂਬਰ ਵੋਟ ਨਹੀਂ ਪਾ ਸਕਣਗੇ। ਉਧਰ ਭਾਜਪਾ ਵਰਕਰਾਂ ਵੱਲੋਂ ਰਾਜਘਾਟ ’ਚ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ‘ਆਪ’ ਕੌਂਸਲਰਾਂ ਨੇ ਮਹਿਲਾ ਚੇਅਰਪਰਸਨ ਦੇ ਨਾਲ ਗਾਲੀ-ਗਲੋਚ ਕੀਤੀ ਅਤੇ ਉਨ੍ਹਾਂ ਉਪਰ ਕੁਰਸੀ ਸੁੱਟੀ। ਭਾਜਪਾ ਵਰਕਰਾਂ ਨੇ ਐਲਜੀ ਵੀ ਕੇ ਸਕਸੇਨਾ ਤੋਂ ਮੰਗ ਕੀਤੀ ਕਿ ਅਜਿਹੇ ’ਚ ‘ਆਪ’ ਕੌਂਸਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।