Breaking News
Home / ਭਾਰਤ / ਦਿੱਲੀ ਨਗਰ ਨਿਗਮ ਲਈ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਹੰਗਾਮਾ

ਦਿੱਲੀ ਨਗਰ ਨਿਗਮ ਲਈ ਮੇਅਰ ਦੀ ਚੋਣ ਤੋਂ ਪਹਿਲਾਂ ਹੀ ਹੰਗਾਮਾ

ਆਪਸ ਵਿਚ ਭਿੜੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਕੌਂਸਲਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਦੀ ਪ੍ਰਕਿਰਿਆ ਹੰਗਾਮੇ ਦੇ ਚਲਦਿਆਂ ਅੱਜ ਸ਼ੁਰੂ ਹੀ ਨਹੀਂ ਹੋ ਸਕੀ। ਚਾਰ ਘੰਟੇ ਚੱਲੇ ਹੰਗਾਮੇ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੇਅਰ ਦੀ ਚੋਣ ਟਲ ਸਕਦੀ ਹੈ। ਉਧਰ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਕੋਰਟ ਜਾਣ ਦੇ ਸੰਕੇਤ ਵੀ ਦਿੱਤੇ ਹਨ। ਇਸ ਤੋਂ ਪਹਿਲਾਂ ਅੱਜ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਸ਼ੁਰੂ ਹੋਣਾ ਸੀ ਪ੍ਰੰਤੂ ਪ੍ਰੋਟੈਮ ਸਪੀਕਰ ਨੇ ਸਭ ਤੋਂ ਪਹਿਲਾਂ ਨਾਮਜ਼ਦ ਮੈਂਬਰਾਂ ਨੂੰ ਜਿਸ ਤਰ੍ਹਾਂ ਹੀ ਸਹੁੰ ਚੁੱਕਣ ਲਈ ਬੁਲਾਇਆ ਤਾਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ, ਜਿਸ ਦੇ ਖਿਲਾਫ਼ ਭਾਜਪਾ ਦੇ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੋਵੇਂ ਧਿਰਾਂ ਦਰਮਿਆਨ ਧੱਕਾ-ਮੁੱਕੀ ਅਤੇ ਹੱਥੋਪਾਈ ਹੋਣ ਲੱਗੀ। ‘ਆਪ’ ਕੌਂਸਲਰ ਪ੍ਰੋਟੈਮ ਸਪੀਕਰ ਦੇ ਆਸਣ ’ਤੇ ਚੜ੍ਹ ਗਏ ਅਤੇ ਕੁੱਝ ਕੌਂਸਲਰ ਕੁਰਸੀਆਂ ਚੁੱਕ ਕੇ ਇੱਧਰ-ਉਧਰ ਸੁੱਟਣ ਲੱਗੇ। ਐਲਜੀ ਨੇ ਮੇਅਰ ਚੋਣ ਦੇ ਲਈ ਭਾਜਪਾ ਦੀ ਕੌਂਸਲਰ ਸੱਤਿਆ ਸ਼ਰਮਾ ਨੂੰ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਸੀ ਜਦਕਿ ‘ਆਪ’ ਨੇ ਮੁਕੇਸ਼ ਗੋਇਲ ਦੇ ਨਾਮ ਦਾ ਪ੍ਰਸਤਾਵ ਰੱਖਿਆ। ਸੱਤਿਆ ਦੇ ਨਾਮ ’ਤੇ ‘ਆਪ’ ਨੇ ਇਤਰਾਜ਼ ਪ੍ਰਗਟਾਇਆ, ਜਿਉਂ ਹੀ ਪ੍ਰੋਟੈਮ ਸਪੀਕਰ ਨੇ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਉਣੀ ਸ਼ੁਰੂ ਕੀਤੀ ਤਾਂ ਆਮ ਆਦਮੀ ਪਰਟੀ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਵਿਰੋਧ ਸ਼ੁਰੂ ਹੋ ਗਿਆ ਅਤੇ ਕਾਰਵਾਈ ਮੁਲਤਵੀ ਕਰਨੀ ਪਈ। ਮੇਅਰ ਦੀ ਚੋਣ ਲਈ ਕੁਲ 273 ਵੋਟ ਪਾਏ ਜਾਣੇ ਸਨ ਜਦਕਿ ਬਹੁਮਤ ਲਈ 133 ਵੋਟਾਂ ਜ਼ਰੂਰੀ ਹਨ। ਆਮ ਆਦਮੀ ਪਾਰਟੀ ਕੋਲ 150 ਅਤੇ ਭਾਜਪਾ ਕੋਲ 113 ਕੌਂਸਲਰ ਹਨ। ਆਮ ਆਦਮੀ ਪਾਰਟੀ ਨੇ ਮੇਅਰ ਦੇ ਲਈ ਸ਼ੈਲੀ ਓਬਰਾਏ ਨੂੰ ਜਦਕਿ ਭਾਜਪਾ ਵੱਲੋਂ ਰੇਖਾ ਗੁਪਤਾ ਨੂੰ ਮੇਅਰ ਦੇ ਲਈ ਚੋਣ ਮੈਦਾਨ ’ਚ ਉਤਾਰਿਆ ਹੈ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …