ਸਕੂਲਾਂ ’ਚ ਸਫਾਈ ਸੇਵਕਾਂ, ਸੇਵਾਦਾਰਾਂ ਅਤੇ ਚੌਕੀਦਾਰਾਂ ਦੀ ਵੀ ਕੀਤੀ ਜਾਵੇਗੀ ਭਰਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਜਿਸ ਵਿਚ ਕਈ ਅਹਿਮ ਫੈਸਲੇ ਲਏ ਗਏ। ਮੀਟਿੰਗ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਖਾਲੀ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਦੀ ਸਫਾਈ, ਸੁਰੱਖਿਆ ਅਤੇ ਮੈਨੇਜਮੈਂਟ ਦੇ ਲਈ ਤਿੰਨ ਕੈਟਾਗਿਰੀਆਂ ’ਚ ਫੈਸਲੇ ਗਏ ਹਨ। ਸਕੂਲਾਂ ਦੀ ਸਾਫ-ਸਫਾਈ ਦੇ ਲਈ ਨਵੀਂ ਭਰਤੀ ਕੀਤੀ ਜਾਵੇਗੀ ਜਿਸ ਦੇ ਲਈ ਪੰਜਾਬ ਸਰਕਾਰ ਨੇ 33 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਇਨ੍ਹਾਂ ਭਰਤੀਆਂ ਨਾਲ ਪੰਜਾਬ ਦੇ ਲਗਭਗ 14 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਸਕੇਗੀ। ਪੰਜਾਬ ਵਿਚ ਪਹਿਲੀ ਵਾਰ ਸਫਾਈ ਸੇਵਕ ਅਤੇ ਚੌਕੀਦਾਰ ਨਿਯੁਕਤ ਕੀਤੇ ਜਾਣਗੇ,ਜਿਸ ਦੇ ਲਈ ਸਕੂਲ ਮੈਨੇਜਮੈਂਟ ਦੇ ਪੱਧਰ ’ਤੇ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਹ ਭਰਤੀ ਬੈਕ ਡੋਰ ਐਂਟਰੀ ਰਾਹੀਂ ਨਹੀਂ ਬਲਕਿ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੇਰਕਾ ਵਿਭਾਗ ਅਧੀਨ ਪਿਛਲੇ 5 ਸਾਲਾਂ ਤੋਂ ਗਰੁੱਪ ਸੀ ਅਤੇ ਡੀ ਦੇ 500 ਅਹੁਦੇ ਖਾਲੀ ਪਏ ਹਨ ਜਿਨ੍ਹਾਂ ਭਰਨ ਲਈ ਵੀ ਮਨਜ਼ੂਰੀ ਦਿੱਤੀ ਗਈ। ਉਧਰ ਸਿਵਲ ਸਕੱਤਰੇਤ ਵਿਖੇ 150 ਸੇਵਾਦਾਰਾਂ ਅਤੇ 23 ਚੌਕੀਦਾਰਾਂ ਦੀ ਨਿਯੁਕਤੀ ਲਈ ਵੀ ਹਰੀ ਝੰਡੀ ਦਿੱਤੀ ਗਈ ਹੈ। ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਅਧਿਆਪਕਾਂ ਤੋਂ ਸਿਰਫ਼ ਟੀਚਿੰਗ ਦਾ ਹੀ ਕੰਮ ਲਿਆ ਜਾਵੇਗਾ। ਕੈਬਨਿਟ ਮੀਟਿੰਗ ਦੌਰਾਨ ਪੰਜਾਬ ਟਰਾਂਸਪੋਰਟ ਵਿਭਾਗ ਦੇ ਅੰਤਰਗਤ ਸਕਰੈਪ ਪਾਲਿਸੀ ਲਾਗੂ ਕੀਤੀ ਜਾਵੇਗੀ, ਜਿਸ ਦੇ ਤਹਿਤ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ’ਤੇ ਟੈਕਸ ’ਚ ਛੋਟ ਦਿੱਤੀ ਜਾਵੇਗੀ। ਪੁਰਾਣੇ ਵਾਹਨਾਂ ਕਰਨ ਸੂਬੇ ’ਚ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਇਸ ਕਾਰਨ ਪੁਰਾਣੇ ਵਾਹਨਾਂ ਨੂੰ ਸਕਰੈਪ ਕਰਵਾਉਣ ਤੋਂ ਬਾਅਦ ਨਵੀਂ ਗੱਡੀ ’ਤੇ ਟੈਕਸ ’ਚ ਛੋਟ ਦਿੱਤੀ ਜਾਵੇਗੀ।