ਕਿਹਾ : ਮੈਂ ਕੋਈ ਘੁਟਾਲਾ ਨਹੀਂ ਕੀਤਾ, ਹਰ ਇਨਕੁਆਰੀ ਲਈ ਹਾਂ ਤਿਆਰ
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਜੀਫ਼ਾ ਘੁਟਾਲਾ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਠੋਕਵਾਂ ਜਵਾਬ ਦਿੱਤਾ ਹੈ। ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਜਿਹੜੀ ਮਰਜੀ ਇਨਕੁਆਰੀ ਕਰਵਾ ਲਈ ਜਾਵੇ, ਮੈਂ ਉਸ ਲਈ ਤਿਆਰ ਹਾਂ ਅਤੇ ਜੇਕਰ ਮੇਰੇ ਕੋਲੋਂ ਘਪਲੇ ਦਾ ਕੋਈ ਪੈਸਾ ਮਿਲਿਆ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ। ਧਰਮਸੋਤ ਨੇ ਕਿਹਾ ਕਿ ਮੈਂ ਡੰਕੇ ਦੀ ਚੋਟ ’ਤੇ ਕਹਿੰਦਾ ਹਾਂ ਕਿ ਮੇਰੇ ਵੱਲੋਂ 1 ਪੈਸੇ ਦਾ ਵੀ ਘੁਟਾਲਾ ਨਹੀਂ ਕੀਤਾ। ਪਹਿਲਾਂ ਵੀ 2 ਸਰਕਾਰਾਂ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂ ਕਰ ਚੁੱਕੀਆਂ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੈਨੂੰ ਕਲੀਨ ਚਿੱਟ ਦਿੱਤੀ ਸੀ ਅਤੇ ਬਾਅਦ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਇਸ ਮਾਮਲੇ ਵਿਚ ਮੈਨੂੰ ਕਲੀਨ ਚਿੱਟ ਦਿੱਤੀ । ਧਿਆਨ ਰਹੇ ਕਿ ਲੰਘੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਵਜੀਫ਼ਾ ਘੁਟਾਲੇ ਨੂੰ ਅੰਜ਼ਾਮ ਦੇਣ ਵਾਲੇ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ।