ਦਿੱਲੀ ਵਿਖੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਕੀਤਾ ਗਿਆ ਸਮਾਗਮ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਵੀਰ ਬਾਲ ਦਿਵਸ ਮਨਾਉਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ। ਮੋਦੀ ਨੇ ਟਵੀਟ ਕਰਦਿਆਂ ਵੀਰ ਬਾਲ ਦਿਵਸ ਮੌਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸਿੱਖ ਕੌਮ ਦੀ ਰਾਖੀ ਲਈ ਸ੍ਰੀ ਗੁਰੂ ਗੋਬਿਦ ਸਿੰਘ ਜੀ ਵੱਲੋਂ ਦਿੱਤੀ ਸ਼ਹਾਦਤ ਨੂੰ ਵੀ ਨਮਨ ਕੀਤਾ। ਇਸੇ ਮੌਕੇ ਦਿੱਲੀ ਵਿਖੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਚ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੇਸ਼ ਨੂੰ ਸਫਲਤਾ ਦੀਆਂ ਉਚਾਈਆਂ ’ਤੇ ਲਿਜਾਣ ਦਾ ਸੁਨੇਹਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਅੱਜ ਪਹਿਲਾ ‘ਵੀਰ ਬਾਲ ਦਿਵਸ’ ਮਨਾ ਰਿਹਾ ਹੈ ਅਤੇ ਲੱਖਾਂ ਦੀ ਫੌਜ ਸਾਹਮਣੇ ਵੀ ਸਾਹਿਬਜ਼ਾਦੇ ਘਬਰਾਏ ਨਹੀਂ ਸਨ। ਉਨ੍ਹਾਂ ਕਿਹਾ ਕਿ ‘ਵੀਰ ਬਾਲ ਦਿਵਸ’ ਸਾਨੂੰ ਭਾਰਤ ਦੀ ਪਛਾਣ ਕਰਵਾਏਗਾ। ਇਸ ਸਮਾਗਮ ਦੌਰਾਨ ਛੋਟੇ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਬਦ ਕੀਰਤਨ ਵੀ ਕੀਤਾ। ਉਧਰ ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਟਵੀਟ ਕਰਦਿਆਂ ਕਿਹਾ ਕਿ ਸਮੂਹ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਕੇਂਦਰ ਸਰਕਾਰ ਦੀ ਚਾਲ ਤੋਂ ਸੁਚੇਤ ਰਹਿੰਦਿਆਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਹੀ ਮਨਾਈਏ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਸਿੱਖ ਸੰਗਤ ਨੂੰ ਸਰਕਾਰੀ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।