Breaking News
Home / ਪੰਜਾਬ / ਹਰਸਿਮਰਤ ‘ਤੇ ਗਹਿਣੇ-ਗੱਟੇ ਦੀ ‘ਸੰਘਣੀ ਛਾਂ’

ਹਰਸਿਮਰਤ ‘ਤੇ ਗਹਿਣੇ-ਗੱਟੇ ਦੀ ‘ਸੰਘਣੀ ਛਾਂ’

harsrimat_event_of_woman_the_real_jewel_tribute_to_nanhi_chaansਕੇਂਦਰੀ ਵਜ਼ਾਰਤ ਵਿਚ ਸ਼ਾਮਲ ਮਹਿਲਾਵਾਂ ‘ਚੋਂ ਸਭ ਤੋਂ ਵੱਧ ਛੇ ਕਰੋੜ ਦੇ ਗਹਿਣੇ
ਬਠਿੰਡਾ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਲ ਤਕਰੀਬਨ ਛੇ ਕਰੋੜ ਰੁਪਏ ਦੇ ਗਹਿਣੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਪੂਰੀ ਕੇਂਦਰੀ ਵਜ਼ਾਰਤ ਨੂੰ ਪਛਾੜ ਦਿੱਤਾ ਹੈ। ਹਰਸਿਮਰਤ ਬਾਦਲ ਨੇ 2015-16 ਮਾਲੀ ਵਰ੍ਹੇ ਦੌਰਾਨ ਤਕਰੀਬਨ 62 ਲੱਖ ਰੁਪਏ ਦੇ ਗਹਿਣੇ ਖ਼ਰੀਦੇ ਹਨ। ਕੇਂਦਰੀ ਵਜ਼ਾਰਤ ਵਿੱਚ ਨੌਂ ਔਰਤਾਂ ਸ਼ਾਮਲ ਹਨ ਪਰ ਗਹਿਣਿਆਂ ਦੇ ਮਾਮਲੇ ਵਿੱਚ ਕੋਈ ਵੀ ਹਰਸਿਮਰਤ ਬਾਦਲ ਦੇ ਨੇੜੇ-ਤੇੜੇ ਨਹੀਂ ਹੈ। ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸਾਲ 2015-16 ਦੀ ਜਿਹੜੀ ਤਾਜ਼ਾ ਰਿਟਰਨ ਦਾਖ਼ਲ ਕੀਤੀ ਹੈ, ਉਸ ਮੁਤਾਬਕ ਹੁਣ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਕੋਲ 6.02 ਕਰੋੜ ਦੇ ਗਹਿਣੇ ਹਨ ਜਦੋਂ ਕਿ ਸਾਲ 2014-15 ਦੌਰਾਨ ਉਨ੍ਹਾਂ ਕੋਲ 5.40 ਕਰੋੜ ਰੁਪਏ ਦੇ ਗਹਿਣੇ ਸਨ।
ਰਿਟਰਨ ਮੁਤਾਬਕ ਕੁਝ ਗਹਿਣੇ ਤਾਂ ਹਰਸਿਮਰਤ ਬਾਦਲ ਨੂੰ ਮਰਹੂਮ ਸੁਰਿੰਦਰ ਕੌਰ ਬਾਦਲ ਤੋਂ ਮਿਲੇ ਹਨ। ਹਰਸਿਮਰਤ ਬਾਦਲ ਨੇ ਜਦੋਂ ਪਹਿਲੀ ਵਾਰ ਸਾਲ 2009 ਵਿੱਚ ਲੋਕ ਸਭਾ ਚੋਣ ਲੜੀ ਸੀ ਤਾਂ ਉਦੋਂ ਉਨ੍ਹਾਂ ਕੋਲ ਤੋਹਫਿਆਂ ਵਜੋਂ ਮਿਲੇ ਅਤੇ ਖ਼ਰੀਦੇ ਗਏ 1.94 ਕਰੋੜ ਦੇ ਗਹਿਣੇ ਸਨ, ਜਿਨ੍ਹਾਂ ਦਾ ਵਜ਼ਨ 14.93 ਕਿਲੋ ਸੀ। ਤਾਜ਼ਾ ਰਿਟਰਨ ਮੁਤਾਬਕ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਕੋਲ 9 ਲੱਖ ਰੁਪਏ ਦੇ ਗਹਿਣੇ ਹਨ। ਸੂਤਰਾਂ ਮੁਤਾਬਕ ਹਰਸਿਮਰਤ ਬਾਦਲ ਦੇ ਗਹਿਣਿਆਂ ਦੀ ਕੀਮਤ ਮਾਰਕੀਟ ਦੇ ਹਿਸਾਬ ਨਾਲ ਪਿਛਲੇઠਇੱਕ ਸਾਲ ਦੌਰਾਨ ਵਧੀ ਹੈ।
ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ ਮੇਨਕਾ ਗਾਂਧੀ ਕੋਲ 1.24 ਕਰੋੜ ਰੁਪਏ ਦੇ ਗਹਿਣੇ ਹਨ, ਜਿਨ੍ਹਾਂ ਵਿੱਚ 3.41 ਕਿਲੋ ਸੋਨਾ, 85 ਕਿਲੋ ਚਾਂਦੀ ਅਤੇ ਛੇ ਗਰਾਮ ਦੇ ਕੀਮਤੀ ਨਗ ਹਨ। ਉਨ੍ਹਾਂ ਕੋਲ ਕੁੱਲ 45.10 ਕਰੋੜ ਦੀ ਜਾਇਦਾਦ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਸਿਰਫ਼ 30.48 ਲੱਖ ਦੇ ਗਹਿਣੇ ਹਨ ਤੇ ਕੁੱਲ ਜਾਇਦਾਦ 26.18 ਕਰੋੜ ਦੀ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਕੋਲ 12.36 ਲੱਖ ਤੇ ਉਨ੍ਹਾਂ ਦੇ ਪਤੀ ਕੋਲ 23,171 ਲੱਖ ਦੇ ਗਹਿਣੇ ਹਨ। ਕੇਂਦਰੀ ਮੰਤਰੀ ਉਮਾ ਭਾਰਤੀ ਕੋਲ 35 ਲੱਖ ਤੇ ਨਿਰਮਲਾ ਸੀਤਾਰਮਨ ਕੋਲ 7.87 ਲੱਖ ਦੇ ਗਹਿਣੇ ਹਨ।
ਗ਼ਰੀਬ ਦੇ ਘਰ ਇੰਨਾ ਆਟਾ ਨਹੀਂ ਹੁੰਦਾ: ਭਗਵੰਤ ਮਾਨઠ
ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਗ਼ਰੀਬ ਦੇ ਘਰ ਵਿਚ ਇੰਨਾ ਆਟਾ ਨਹੀਂ ਹੁੰਦਾ, ਜਿੰਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਕੋਲ ਗਹਿਣੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਲੋਕਾਂ ਨਾਲ ਸਾਹ ਲੈਂਦੇ ਹਨ, ਉਨ੍ਹਾਂ ਦੇ ਘਰਾਂ ਦੀ ਦੌਲਤ ਅਸਮਾਨੀ ਨਹੀਂ ਚੜ੍ਹਦੀ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਪੰਜਾਬ ਦੇ ਆਮ ਲੋਕ ਹਰ ਗੱਲ ਦਾ ਲੇਖਾ ਜੋਖਾ ਕਰਨਗੇ।
ਨਵੇਂ ਸੇਵਾ ਕੇਂਦਰਾਂ ਦੀ ‘ਸੇਵਾ’ ਕਰੇਗੀ ਜੇਬ ਹੌਲੀ
‘ਸੇਵਾ ਫਲ’ ਵਿੱਚ ਕਈ ਗੁਣਾ ਕੀਤਾ ਵਾਧਾ
ਬਠਿੰਡਾ : ਪੰਜਾਬ ਦੇ ਨਵੇਂ ਸੇਵਾ ਕੇਂਦਰਾਂ ਦੀ ‘ਸੇਵਾ’ ਹੁਣ ਜੇਬ ਹਲਕੀ ਕਰੇਗੀ। ਇਨ੍ਹਾਂ ਸੇਵਾ ਕੇਂਦਰਾਂ ਦੇ ‘ਸੇਵਾ ਫਲ’ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 2147 ਨਵੇਂ ਸੇਵਾ ਕੇਂਦਰ ਬਣਾਏ ਗਏ ਹਨ ਜਿਨ੍ਹਾਂ ਵਿਚੋਂ ਕਾਫੀ ਗਿਣਤੀ ਵਿੱਚ ਸੇਵਾ ਕੇਂਦਰ ਚਾਲੂ ਹੋ ਚੁੱਕੇ ਹਨ। ਹੁਣ ਜਦੋਂ ਨਵੇਂ ਸੇਵਾ ਕੇਂਦਰ ਚਾਲੂ ਹੋਏ ਤਾਂ ਇਨ੍ਹਾਂ ਦੀ ਸੇਵਾ ਫੀਸ ਨੇ ਲੋਕਾਂ ਨੂੰ ਝਟਕਾ ਦੇ ਦਿੱਤਾ ਹੈ। ਵੱਡਾ ਬੋਝ ਹਥਿਆਰਾਂ ਦੇ ਸ਼ੌਕੀਨਾਂ ‘ਤੇ ਪਵੇਗਾ। ਸਰਕਾਰ ਨੇ ਨਵੇਂ ਸੇਵਾ ਕੇਂਦਰਾਂ ‘ਤੇ ਕਰੀਬ 500 ਕਰੋੜ ਰੁਪਏ ਖ਼ਰਚ ਕੀਤੇ ਹਨ ਅਤੇ ਇਹ ਪ੍ਰਾਈਵੇਟ ਕੰਪਨੀ ਦੇ ਹਵਾਲੇ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਜਨਮ ਅਤੇ ਮੌਤ ਸਰਟੀਫਿਕੇਟ ਦੀ ਸੁਵਿਧਾ ਫੀਸ 30 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ।
ਨਵਾਂ ਅਸਲਾ ਲਾਇਸੈਂਸ ਲੈਣ ਦੀ ਸੁਵਿਧਾ ਫੀਸ 700 ਰੁਪਏ ਤੋਂ ਵਧਾ ਕੇ 1950 ਰੁਪਏ ਕਰ ਦਿੱਤੀ ਗਈ ਹੈ। ਅਸਲਾ ਵੇਚਣ ਲਈ ਐਨਓਸੀ ਲੈਣ ਦੀ ਪਹਿਲਾਂ ਕੋਈ ਸਰਕਾਰੀ ਫੀਸ ਨਹੀਂ ਸੀ ਅਤੇ ਸਿਰਫ 225 ਰੁਪਏ ਸੁਵਿਧਾ ਫੀਸ ਲਈ ਜਾਂਦੀ ਸੀ। ਨਵੇਂ ਸੇਵਾ ਕੇਂਦਰਾਂ ਵਿੱਚ ਐਨਓਸੀ ਦੀ ਸਰਕਾਰੀ ਫੀਸ 500 ਰੁਪਏ ਅਤੇ ਸੁਵਿਧਾ ਫੀਸ 400 ਰੁਪਏ ਕਰ ਦਿੱਤੀ ਗਈ ਹੈ। ਡੁਪਲੀਕੇਟ ਅਸਲਾ ਲਾਇਸੈਂਸ ਦੀ ਸਰਕਾਰੀ ਫੀਸ 100 ਤੋਂ ਵਧਾ ਕੇ 500 ਰੁਪਏ ਅਤੇ ਸੁਵਿਧਾ ਫੀਸ 225 ਤੋਂ 370 ਰੁਪਏ ਕਰ ਦਿੱਤੀ ਗਈ ਹੈ। ਅਸਲੇ ਦੇ ਬੋਰ ਤਬਾਦਲੇ ਦੀ ਪਹਿਲਾਂ ਸਿਰਫ 225 ਰੁਪਏ ਸੁਵਿਧਾ ਫੀਸ ਸੀ, ਹੁਣ 500 ਰੁਪਏ ਸਰਕਾਰੀ ਫੀਸ ਅਤੇ 400 ਰੁਪਏ ਸੁਵਿਧਾ ਫੀਸ ਕਰ ਦਿੱਤੀ ਗਈ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …