ਮਾਂ ਨੇ ਸ਼ਹਾਦਤ ‘ਤੇ ਹੰਝੂ ਨਾ ਵਹਾਉਣ ਦਾ ਵਾਅਦਾ ਨਿਭਾਇਆ
ਆਰ.ਐਸ. ਪੁਰਾ/ਬਿਊਰੋ ਨਿਊਜ਼ : ਬੀਐਸਐਫ ਦੇ ਬਹਾਦਰ ਜਵਾਨ ਗੁਰਨਾਮ ਸਿੰਘ ਦੀ ਤਿਰੰਗੇ ਵਿੱਚ ਲਿਪਟੀ ਦੇਹ ਜਦੋਂ ਘਰ ਪੁੱਜੀ ਤਾਂ ਉਸ ਦੀ ਮਾਂ ਜਸਵੰਤ ਕੌਰ ਨੇ ਆਪਣੇ ਪੁੱਤ ਦੀ ਸ਼ਹਾਦਤ ਉਤੇ ਹੰਝੂ ਨਾ ਵਹਾਉਣ ਦਾ ਵਾਅਦਾ ਤੋੜ ਨਿਭਾਇਆ। ਪਰਿਵਾਰ ਨੂੰ ਆਪਣੇ ਪੁੱਤ ਦੀ ਸ਼ਹਾਦਤ ਉਤੇ ਮਾਣ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਉਤੇ ਜ਼ਖ਼ਮੀ ਹੋਣ ਵਾਲੇ ਜਵਾਨਾਂ ਦੀ ਜਾਨ ਬਚਾਉਣ ਲਈ ਉਸ ਦੇ ਪੁੱਤ ਦੇ ਨਾਂ ਉਤੇ ਵਿਸ਼ੇਸ਼ ਹਸਪਤਾਲ ਬਣਾਇਆ ਜਾਵੇ। ਗੁਰਨਾਮ ਸਿੰਘ ਦੇ ਪਿਤਾ ਕੁਲਬੀਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਗੁਰਨਾਮ ਸਿੰਘ ਕਠੂਆ ਸੈਕਟਰ ਵਿੱਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਸਨਾਈਪਰਾਂ ਵੱਲੋਂ ਕੀਤੇ ਹਮਲੇ ਵਿੱਚ ਜ਼ਖ਼ਮੀ ਹੋਇਆ ਸੀ। ਉਸ ਨੇ ਜੰਮੂ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਖ਼ਬਰ ਸੁਣ ਕੇ ਸ਼ਹੀਦ ਦੇ ਜੱਦੀ ਪਿੰਡ ਭਾਲੇਸਰ ਮੱਗੋਵਾਲੀ ਵਿੱਚ ਸੋਗ ਫੈਲ ਗਿਆ ਪਰ ਮਾਂ ਨੇ ਆਪਣੇ ਪੁੱਤ ਦੀ ਮੌਤ ਉਤੇ ਹੰਝੂ ਨਹੀਂ ਵਹਾਇਆ। ਮਾਂ ਨੇ ਆਖਿਆ ਕਿ ਇਕ ਵਾਰ ਗੁਰਨਾਮ ਨੇ ਕਿਹਾ ਸੀ ਕਿ ਜੇ ਉਹ ਦੇਸ਼ ਲਈ ਸ਼ਹੀਦ ਹੋ ਗਿਆ ਤਾਂ ਤੁਸੀਂ ਰੋਇਓ ਨਾ। ਇਸ ਦੌਰਾਨ ਬੀਐਸਐਫ ਨੇ ਸਿਪਾਹੀ ਗੁਰਨਾਮ ਸਿੰਘ ਦੇ ਨਾਂ ਦੀ ਬਹਾਦਰੀ ਐਵਾਰਡ ਲਈ ਸਿਫ਼ਾਰਸ਼ ਕਰਨ ਦਾ ਐਲਾਨ ਕੀਤਾ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …