ਅੰਮ੍ਰਿਤਸਰ : ਅੰਮ੍ਰਿਤਸਰ ‘ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਰਾਮ ਬਾਗ਼ ਵਜੋਂ ਜਾਣੀ ਜਾਂਦੀ ਇਮਾਰਤ ਵਿੱਚ ਸਥਾਪਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਨੂੰ ਸਰਕਾਰ ਨੇ ਅਣਗੌਲਿਆ ਕੀਤਾ ਹੋਇਆ ਹੈ। ਅੱਜ ਤੱਕ ਇੱਕ ਸਿੱਖ ਜਥੇਬੰਦੀ ਨੂੰ ਛੱਡ ਕੇ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪੱਧਰ ‘ਤੇ ਕੋਈ ਸਮਾਗਮ ਨਹੀਂ ਕਰਵਾਇਆ ਗਿਆ ਹੈ।
ਲਗਪਗ ਪੰਦਰਾਂ ਸਾਲ ਤੱਕ ਮੁਰੰਮਤ ਦੇ ਨਾਂ ‘ਤੇ ਇਹ ਅਜਾਇਬ ਘਰ ਬੰਦ ਰੱਖਣ ਮਗਰੋਂ ਇਸ ਵਰ੍ਹੇ ਜਨਵਰੀ ਵਿੱਚ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਹੈ ਜੋ 2007 ਵਿੱਚ ਬੰਦ ਕੀਤਾ ਗਿਆ ਸੀ।
ਕਰੋੜਾਂ ਰੁਪਏ ਖ਼ਰਚ ਕੇ ਅਜਾਇਬ ਘਰ ਨੂੰ ਅਤਿ-ਆਧੁਨਿਕ ਰੂਪ ਦਿੱਤਾ ਗਿਆ ਹੈ। ਇਸ ਅਜਾਇਬ ਘਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਦੁਰਲੱਭ ਵਸਤਾਂ, ਚਿੱਤਰਕਲਾ, ਹਥਿਆਰ ਜਿਵੇਂ ਤਲਵਾਰਾਂ, ਕਟਾਰ, ਰਾਈਫ਼ਲਾਂ ਅਤੇ ਹੋਰ ਸਾਮਾਨ ਰੱਖਿਆ ਗਿਆ ਹੈ, ਜਿਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪੰਜਾਬ ਹੈਰੀਟੇਜ ਅਤੇ ਟੂਰਿਜ਼ਮ ਵਿਭਾਗ ਕੋਲ ਹੈ। ਭਾਵੇਂ ਇਸ ਅਜਾਇਬ ਘਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਇੱਥੋਂ ਤੱਕ ਪਹੁੰਚਣ ਲਈ ਕੋਈ ਰਾਹ ਨਹੀਂ ਬਣਾਇਆ ਗਿਆ ਹੈ। ਸੈਲਾਨੀਆਂ ਨੂੰ ਆਪਣੇ ਵਹੀਕਲ ਕਰੀਬ 500 ਮੀਟਰ ਦੂਰ ਖੜ੍ਹੇ ਕਰਕੇ ਪੈਦਲ ਹੀ ਅਜਾਇਬ ਘਰ ਜਾਣਾ ਪੈਂਦਾ ਹੈ।
ਇਸ ਤੋਂ ਇਲਾਵਾ ਅਜਾਇਬ ਘਰ ਸਬੰਧੀ ਪ੍ਰਚਾਰ ਦੀ ਘਾਟ ਕਾਰਨ ਬਹੁਤੇ ਲੋਕਾਂ ਨੂੰ ਇਸ ਜਗ੍ਹਾ ਬਾਰੇ ਪਤਾ ਨਹੀਂ ਹੈ। ਅਜਾਇਬਘਰ ਦੇ ਇੰਚਾਰਜ ਜੋਧ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਅਜਾਇਬਘਰ ਬਾਰੇ ਪ੍ਰਚਾਰ ਅਤੇ ਪਹੁੰਚ ਮਾਰਗ ਦੀ ਘਾਟ ਕਾਰਨ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘੱਟ ਹੈ।
ਉਨ੍ਹਾਂ ਦੱਸਿਆ ਕਿ ਔਸਤਨ 10-11 ਸੈਲਾਨੀ ਹੀ ਇੱਥੇ ਰੋਜ਼ ਆਉਂਦੇ ਹਨ। ਅਜਾਇਬ ਘਰ ਵਿੱਚ ਦਾਖ਼ਲਾ ਟਿਕਟ ਦਸ ਰੁਪਏ ਪ੍ਰਤੀ ਵਿਅਕਤੀ ਅਤੇ ਬੱਚੇ ਲਈ ਚਾਰ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਅਜਾਇਬ ਘਰ ਦੀ ਸਾਂਭ-ਸੰਭਾਲ ਲਈ ਪੱਕੇ ਸਟਾਫ ਸਮੇਤ ਪਖਾਨੇ ਅਤੇ ਹੋਰ ਸਹੂਲਤਾਂ ਦੀ ਵੀ ਘਾਟ ਹੈ। ਇਤਿਹਾਸ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਬਣਾਇਆ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਪਿੰਡ ਬਡਰੁੱਖਾਂ ‘ਚ ਨਾ ਪਹੁੰਚਿਆ ਕੋਈ ਮੰਤਰੀ ਜਾਂ ਅਧਿਕਾਰੀ
ਸੰਗਰੂਰ : ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਮੌਕੇ ਜਨਮ ਸਥਾਨ ਪਿੰਡ ਬਡਰੁੱਖਾਂ ਵਿੱਚ ਨਾ ਤਾਂ ਕੋਈ ਸਰਕਾਰੀ ਸਮਾਗਮ ਕੀਤਾ ਗਿਆ ਅਤੇ ਨਾ ਹੀ ਕਰੀਬ ਸਵਾ ਦੋ ਮਹੀਨਾ ਪਹਿਲਾਂ ਸਥਾਪਤ ਹੋਏ ਸ਼ੇਰ-ਏ-ਪੰਜਾਬ ਦੇ ਬੁੱਤ ਦਾ ਰਸਮੀ ਉਦਘਾਟਨ ਕੀਤਾ ਗਿਆ। ਕਿਸੇ ਵੀ ਸਰਕਾਰੀ ਮੰਤਰੀ, ਵਿਧਾਇਕ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਬਡਰੁੱਖਾਂ ਆਉਣ ਦੀ ਲੋੜ ਨਾ ਸਮਝੀ। ਭਾਵੇਂ ਸਰਕਾਰ ਨੇ ਕਾਗਜ਼ੀ ਵਧਾਈਆਂ ਦੇ ਕੇ ਸਾਰ ਦਿੱਤਾ ਹੈ ਪਰ ਬਡਰੁੱਖਾਂ ਵਾਸੀ ਆਪਣੇ ਪੱਧਰ ‘ਤੇ ਪਿੰਡ ਦੀ ਧੀ ਮਾਤਾ ਰਾਜ ਕੌਰ ਦੀ ਕੁੱਖੋਂ ਪੈਦਾ ਹੋਏ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਮਨਾਉਣ ਤੋਂ ਨਾ ਖੁੰਝੇ। ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਬਾਬੂ ਸਿੰਘ ਦੀ ਅਗਵਾਈ ਹੇਠ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮਗਰੋਂ ਪੰਚਾਇਤ ਸਣੇ ਪਿੰਡ ਵਾਸੀ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿੱਚ ਪੁੱਜੇ, ਜਿੱਥੇ ਸ਼ੇਰ-ਏ-ਪੰਜਾਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾ ਕੇ ਮਹਾਨ ਯੋਧੇ ਨੂੰ ਯਾਦ ਕੀਤਾ ਗਿਆ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …