2.4 C
Toronto
Thursday, November 27, 2025
spot_img
Homeਭਾਰਤਦਿੱਲੀ ਆਬਕਾਰੀ ਮਾਮਲੇ 'ਚ ਸੀਬੀਆਈ ਵੱਲੋਂ ਸਿਸੋਦੀਆ ਤੋਂ ਨੌਂ ਘੰਟੇ ਪੁੱਛ-ਪੜਤਾਲ

ਦਿੱਲੀ ਆਬਕਾਰੀ ਮਾਮਲੇ ‘ਚ ਸੀਬੀਆਈ ਵੱਲੋਂ ਸਿਸੋਦੀਆ ਤੋਂ ਨੌਂ ਘੰਟੇ ਪੁੱਛ-ਪੜਤਾਲ

ਉਪ ਮੁੱਖ ਮੰਤਰੀ ਵੱਲੋਂ ਕੇਸ ਫਰਜ਼ੀ ਹੋਣ ਦਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਸੀਬੀਆਈ ਨੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਨੌਂ ਘੰਟੇ ਤੋਂ ਵੱਧ ਸਮਾਂ ਪੁੱਛ ਪੜਤਾਲ ਕੀਤੀ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ ਸਿਸੋਦੀਆ ਸੋਮਵਾਰ ਸਵੇਰੇ 11.15 ਵਜੇ ਦੇ ਕਰੀਬ ਸੀਬੀਆਈ ਦੇ ਹੈੱਡਕੁਆਰਟਰ ਪਹੁੰਚੇ।
ਉਨ੍ਹਾਂ ਨੂੰ ਸਿੱਧਾ ਪਹਿਲੀ ਮੰਜ਼ਿਲ ‘ਤੇ ਭ੍ਰਿਸ਼ਟਾਚਾਰ ਰੋਕੂ ਬਰਾਂਚ ਦੇ ਦਫ਼ਤਰ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਰਸਮੀ ਕਾਰਵਾਈ ਪੂਰੀ ਕੀਤੇ ਜਾਣ ਮਗਰੋਂ ਉਨ੍ਹਾਂ ਤੋਂ ਦਿੱਲੀ ਦੀ ਆਬਕਾਰੀ ਨੀਤੀ, ਕਾਰੋਬਾਰੀ ਵਿਜੈ ਨਾਇਰ ਤੋਂ ਇਲਾਵਾ ਐੱਫਆਈਆਰ ‘ਚ ਸ਼ਾਮਲ ਕੀਤੇ ਗਏ ਲੋਕਾਂ ਨਾਲ ਉਨ੍ਹਾਂ ਦੇ ਸਬੰਧਾਂ ਤੇ ਛਾਪਿਆਂ ‘ਚ ਬਰਾਮਦ ਦਸਤਾਵੇਜ਼ਾਂ ਦੇ ਸਿਲਸਿਲੇ ‘ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਵਾਈਐੱਸਆਰਸੀਪੀ ਦੇ ਲੋਕ ਸਭਾ ਮੈਂਬਰ ਮਗੁੰਤਾ ਸ੍ਰੀਨਿਵਾਸੁਲੂ ਰੈੱਡੀ ਦੇ ਪੁੱਤਰ ਰਾਘਵ ਰੈੱਡੀ ਤੋਂ ਵੀ ਪੁੱਛ ਪੜਤਾਲ ਕਰ ਰਹੀ ਹੈ।
ਉੱਧਰ ਸੀਬੀਆਈ ਵੱਲੋਂ ਪੁੱਛ ਪੜਤਾਲ ਤੋਂ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਖਿਲਾਫ ਕੇਸ ‘ਫਰਜ਼ੀ’ ਹੈ ਅਤੇ ਉਨ੍ਹਾਂ ਇਸ ਸਾਰੇ ਘਟਨਾਕ੍ਰਮ ਨੂੰ ਗੁਜਰਾਤ ‘ਚ ਚੋਣ ਪ੍ਰਚਾਰ ਨਾਲ ਜੋੜਿਆ। ਸਿਸੋਦੀਆ ਦੀ ਹਮਾਇਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਨੂੰ ਗੁਜਰਾਤ ‘ਚ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਥੁਰਾ ਰੋਡ ਸਥਿਤ ਰਿਹਾਇਸ਼ ‘ਤੇ ਮਾਂ ਦਾ ਆਸ਼ੀਰਵਾਦ ਲਿਆ। ਦੇਸ਼ ਭਗਤੀ ਸੰਗੀਤ ਵਿਚਾਲੇ ਸਿਸੋਦੀਆ ਦੇ ਕਾਫ਼ਲੇ ‘ਚ ਪਾਰਟੀ ਦੇ ਕਈ ਆਗੂ ਤੇ ਵਰਕਰ ਸ਼ਾਮਲ ਸਨ।
ਸੀਬੀਆਈ ਦਫ਼ਤਰ ਜਾਂਦੇ ਸਮੇਂ ਸਿਸੋਦੀਆ ਨੇ ਪਾਰਟੀ ਦੇ ਹੈੱਡਕੁਆਰਟਰ ‘ਚ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਤੇ ਜਾਂਚ ‘ਚ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ, ‘ਮੈਂ ਬਾਪੂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਖਿਲਾਫ ਵੀ ਫਰਜ਼ੀ ਕੇਸ ਦਰਜ ਕੀਤੇ ਗਏ ਸਨ।
ਭਾਜਪਾ ਮੈਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ। ਮੈਨੂੰ ਮਾਣ ਹੈ ਕਿ ਮੈਂ ਇਸ ਦੇਸ਼ ਦੇ ਕੁਝ ਕੰਮ ਤਾਂ ਆਵਾਂਗਾ।’ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਗੁਜਰਾਤ ਵਿਚ ‘ਆਪ’ ਦੀ ਚੜ੍ਹਤ ਤੋਂ ਘਬਰਾ ਗਈ ਹੈ। ਇਸ ਲਈ ਉਨ੍ਹਾਂ ਤੋਂ ਪੁੱਛ ਪੜਤਾਲ ਤੇ ਸੰਭਾਵੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ।

 

RELATED ARTICLES
POPULAR POSTS