ਖਹਿਰਾ ਨੇ ਵੜਿੰਗ ਨੂੰ ਦਿੱਤੀ ਸਲਾਹ-ਕਿਹਾ ਇਕ ਵਿਅਕਤੀ ਪਿੱਛੇ ਪਾਰਟੀ ਕੇਡਰ ਦੀ ਐਨਰਜੀ ਬਰਬਾਦ ਨਾ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਅੰਦਰ ਫਿਰ ਤੋਂ ਕਲੇਸ਼ ਵਧਣਾ ਸ਼ੁਰੂ ਹੋ ਗਿਆ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਰਵੱਈਏ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਵੜਿੰਗ ਨੂੰ ਸਲਾਹ ਦਿੱਤੀ ਕਿ ਇਕ ਵਿਅਕਤੀ ਲਈ ਪਾਰਟੀ ਕੇਡਰ ਦੀ ਐਨਰਜੀ ਬਰਬਾਦ ਨਾ ਕਰੋ। ਉਨ੍ਹਾਂ ਦਾ ਇਸ਼ਾਰਾ ਗਿ੍ਰਫਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ। ਜਿਨ੍ਹਾਂ ਦੀ ਗਿ੍ਰਫ਼ਤਾਰੀ ਖਿਲਾਫ ਕਾਂਗਰਸੀਆਂ ਵੱਲੋਂ ਲਗਾਤਾਰ ਲੁਧਿਆਣਾ ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸਾਡੇ ਕੋਲ ਹੋਰ ਵੀ ਮੁੱਦੇ ਹਨ ਜਿਵੇਂ ਬੇਅਦਬੀ, ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਲੰਪੀ ਸਕਿੰਨ ਵਰਗੇ ਵੱਡੇ ਮੁੱਦੇ ਹਨ ਪ੍ਰੰਤੂ ਅਸੀਂ ਸਿਰ ਇਕ ਵਿਅਕਤੀ ਨੂੰ ਹੀ ਬਚਾਉਣ ਵਿਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਮੈਂ ਈਡੀ ਦਾ ਸਾਹਮਣਾ ਕੀਤਾ ਹੈ ਕਿਉਂਕਿ ਮੈਂ ਸੱਚਾ ਸੀ ਅਤੇ ਮੈਨੂੰ ਫਿਰ ਤੋਂ ਭੁਲੱਥ ਦੀ ਜਨਤਾ ਨੇ ਵਿਧਾਨ ਸਭਾ ਭੇਜਿਆ ਹੈ। ਜੇਕਰ ਸਾਡੇ ਸਾਰੇ ਆਗੂ ਇਮਾਨਦਾਰ ਅਤੇ ਸੱਚੇ ਹਨ ਤਾਂ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਧਿਆਨ ਰਹੇ ਕਿ ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਨੂੰ ਬਚਾਉਣ ਲਈ ਮੋਰਚਾ ਖੋਲ੍ਹ ਰੱਖਿਆ ਹੈ।