Breaking News
Home / ਕੈਨੇਡਾ / ਸਹਾਇਤਾ ਸੰਸਥਾ ਵਲੋਂ ‘ ਇੱਕ ਸ਼ਾਮ ਮਨੁੱਖਤਾ ਦੇ ਨਾਮ’ ਸਮਾਗਮ

ਸਹਾਇਤਾ ਸੰਸਥਾ ਵਲੋਂ ‘ ਇੱਕ ਸ਼ਾਮ ਮਨੁੱਖਤਾ ਦੇ ਨਾਮ’ ਸਮਾਗਮ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਸਹਾਇਤਾ ਸੰਸਥਾ ਵਲੋ ਬੀਤੇ ਸ਼ਨਿਚਰਵਾਰ ਇੱਕ ਸ਼ਾਮ ਮਨੁੱਖਤਾ ਦੇ ਨਾਮ ਸਮਾਗਮ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਨਕਿਉਟ ਹਾਲ ਵਿਚ ਕੀਤਾ ਗਿਆ। ਜਿਸ ਦਾ ਮੰਤਵ ਆਏ ਮਹਿਮਾਨਾਂ ਨੂੰ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਬਾਰੇ ਜਾਣਕਾਰੀ ਦੇਣਾ ਅਤੇ ਫੰਡ ਇਕੱਠਾ ਕਰਨਾ ਸੀ। ਲਗਭਗ ਤਿੰਨ ਘੰਟੇ ਚੱਲੇ ਇਸ ਸਮਾਗਮ ਵਿਚ ਜਿਥੇ ਸੰਸਥਾ ਨਾਲ ਜੁੜੇ ਡਾਕਟਰਾਂ ਨੇ ਆਪਣੇ ਵਲੋਂ ਬੜੇ ਵਧੀਆ ਤਰੀਕੇ ਨਾਲ, ਪੰਜਾਬ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ ਉਥੇ ਆਏ ਮਹਿਮਾਨ ਵੀ ਮੰਤਰ ਮੁਗਧ ਹੋ ਕੇ ਸਿਰੇ ਤੱਕ ਸਭ ਕੁਝ ਸੁਣਦੇ ਰਹੇ।
ਸਹਾਇਤਾ ਪੰਜਾਬ ਵਿਚ ਗਰੀਬ ਮਰੀਜ਼ਾਂ ਦਾ ਆਮ ਇਲਾਜ, ਅੱਖਾਂ ਦੇ ਓਪਰੇਸ਼ਨ, ਗਰੀਬ ਬੱਚਿਆਂ ਦੀ ਪੜ੍ਹਾਈ ਵਿਚ ਮੱਦਦ, ਚੰਗੇ ਸਮਾਰਟ ਸਕੂਲ ਚਲਾਉਣ ਅਤੇ ਬੀਤੇ ਸਮੇਂ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਹੱਦਾਂ ‘ਤੇ ਗਏ ਕਿਸਾਨਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਿਚ ਆਪਣਾ ਵੱਡਾ ਯੋਗਦਾਨ ਪਾਉਂਦੀ ਰਹੀ ਹੈ। ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਵਿਚ ਇਸ ਦੇ ਕਾਰਕੁੰਨ ਪਿਛਲੇ 15 ਸਾਲਾਂ ਤੋਂ ਵਿਅੱਸਥ ਹਨ। ਇਸ ਸਮਾਗਮ ਲਈ ਪੰਜਾਬ ਤੋਂ ਖਾਸ ਤੌਰ ‘ਤੇ ਪਹੁੰਚੇ ਸੰਸਥਾ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਜਿਸ ਵਿਚ ਉਨ੍ਹਾਂ ਅਪਣੇ ਕੰਮਾਂ ਨੂੰ ਉਜਾਗਰ ਕਰਨ ਲਈ, ਸਲਾਇਡਾਂ ਅਤੇ ਛੋਟੀਆਂ ਵੀਡੀਓ ਦਾ ਸਹਾਰਾ ਲਿਆ, ਦੱਸਿਆ ਕਿ ਬੀਤੇ ਸਮੇਂ ਵਿਚ ਸੰਸਥਾ ਵਲੋਂ 305,000 ਮਰੀਜ਼ਾਂ ਦਾ ਇਲਾਜ, 8700 ਅੱਖਾਂ ਦੇ ਓਪਰੇਸ਼ਨ, 8000 ਵਿਦਿਆਰਥੀਆਂ ਦੀ ਪੜ੍ਹਾਈ, ਵਿਚ ਯੋਗਦਾਨ ਪਾਉਣ ਦੇ ਨਾਲ-ਨਾਲ ਕਰੋਨਾ ਕਾਲ ਵਿਚ 60,000 ਲੋਕਾਂ ਨੂੰ ਖਾਣਾ ਅਤੇ 25,000 ਮਾਸਕ, ਪੀ ਪੀ ਕਿੱਟਾਂ, ਸੈਨੀਟਾਈਜ਼ਰ ਅਤੇ ਹੋਰ ਸਮਾਨ ਵੰਡਿਆ ਗਿਆ। ਵੀਡੀਓ ਤੋਂ ਸਪੱਸ਼ਟ ਸੀ ਕਿ ਗਰੀਬ ਮਰੀਜ਼ ਜਿਨ੍ਹਾਂ ਦਾ ਸੰਸਥਾ ਵਲੋਂ ਬਿਨਾ ਕਿਸੇ ਖਰਚ ਦੇ ਇਲਾਜ ਅਤੇ ਓਪਰੇਸ਼ਨ ਕੀਤੇ ਜਾਂਦੇ ਹਨ, ਇਲਾਜ ਤੋਂ ਬੜੇ ਪ੍ਰਭਾਵਿਤ ਸਨ ਅਤੇ ਸੰਸਥਾ ਦੀ ਨਿਸ਼ਕਾਮ ਸੇਵਾ ਦੀ ਸਰਾਹਣਾ ਕਰ ਰਹੇ ਸਨ।
ਸੈਂਡੀ ਗਰੇਵਾਲ ਜੋ ਆਪਣੀ ਪੰਜਾਬ ਫੇਰੀ ਸਮੇਂ ਸਹਾਇਤਾ ਦੇ ਕੰਮ ਵੇਖ ਕੇ ਆਏ ਸਨ, ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਇਸ ਵਿਚ ਸਤਵਿੰਦਰ ਸਿੰਘ ਨਾਗਰਾ ਨੇ ਕੰਪਿਊਟਰ ਤੇ ਉਨ੍ਹਾਂ ਦੀ ਮੱਦਦ ਕੀਤੀ।
ਮਾਨਸਿਕ ਰੋਗਾਂ ਦੇ ਮਾਹਿਰ ਡਾ. ਉਪਨਿੰਦਰ ਜੀਤ ਸਿੰਘ ਯੋਗੀ ਨੇ ਸਹਾਇਤਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਾਹਣਾ ਕੀਤੀ। ਸੁਖਵਿੰਦਰ ਮਾਨ ਜੋ ਸੰਸਥਾ ਨਾਲ ਖੁੱਦ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ, ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਬਲਜੀਤ ਧਾਲੀਵਾਲ ਨੇ ਜੋ ਸੰਸਥਾ ਲਈ ਚੰਗਾ ਵਿਤੀ ਸਹਿਯੋਗ ਦਿੰਦੇ ਹਨ ਨੇ ਕਿਹਾ ਕਿ ਇਹ ਪੰਜਾਬ ਵਿਚ ਗਰੀਬਾਂ ਦੇ ਅੱਖਾਂ ਦੇ ਮੁੱਫਤ ਓਪਰੇਸ਼ਨ ਕਰਕੇ ਵੱਡਾ ਯੋਗਦਾਨ ਪਾ ਰਹੀ ਹੈ। ਨਗਾਰਾ ਰੇਡੀਓ ਤੋਂ ਚਰਨਜੀਤ ਬਰਾੜ ਨੇ ਸੰਸਥਾ ਦੇ ਕੰਮਾਂ ਦੀ ਸਰਾਹਣਾ ਕੀਤੀ। ਤਰਕਸ਼ੀਲ ਸੋਸਾਇਟੀ ਤੋਂ ਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਬੇਸ਼ੱਕ ਸਹਾਇਤਾ ਸਮੇਤ ਹੋਰ ਵੀ ਸਮਾਜਸੇਵੀ ਸੰਸਥਾਵਾਂ ਦਾ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਵੱਡਾ ਯੋਗਦਾਨ ਹੈ ਪਰ ਸਾਨੂੰ ਰਲ ਮਿਲ ਕੇ ਸਰਕਾਰਾਂ ਨੂੰ ਮਜ਼ਬੂਰ ਕਰਨਾ ਚਾਹੀਦਾ ਹੈ ਕਿ ਉਹ ਸਾਰੇ ਸ਼ਹਿਰੀਆਂ ਦੇ ਮੁਫਤ ਇਲਾਜ ਦੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ, ਜੋ ਉਨ੍ਹਾਂ ਦਾ ਮੁਢਲਾ ਹੱਕ ਹੈ। ਹੋਰਨਾਂ ਤੋਂ ਇਲਾਵਾ, ਡਰੱਗ ਅਵੇਰਨੈਸ ਦੇ ਨੁਮਾਇੰਦੇ ਅਤੇ ਬਿੱਲ ਬੜਿੰਗ ਨੇ ਵੀ ਅਪਣੇ ਵਿਚਾਰ ਰੱਖੇ। ਰਮਨਦੀਪ ਕੌਰ ਨੇ ਸੁਰੀਲੀ ਆਵਾਜ਼ ਵਿਚ ਗਾਣਾ ਗਾ ਕੇ ਸਭ ਦਾ ਮੰਨੋਰੰਜਨ ਕੀਤਾ।
ਪ੍ਰੋਗਰਾਮ ਦੌਰਾਨ ਸੰਸਥਾ ਵਲੋਂ ਆਏ ਮਹਿਮਾਨਾਂ ਲਈ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਰਮਜੀਤ ਗਿੱਲ ਨੇ ਬਾਖੂਬੀ ਨਿਭਾਈ। ਸੰਸਥਾ ਬਾਰੇ ਜਾਣਕਾਰੀ ਲਈ ਕਰਮਜੀਤ ਗਿੱਲ (647 273 4243) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …