ਪੁਲਿਸ ਨੂੰ ਪਾਕਿਸਤਾਨੀ ਵਟਸਐਪ ਨੰਬਰ ਤੋਂ ਆਇਆ ਮੈਸੇਜ
ਮੁੰਬਈ/ਬਿਊਰੋ ਨਿਊਜ਼ : ਮੁੰਬਈ ’ਚ 26/11 ਵਰਗਾ ਹਮਲਾ ਮੁੜ ਤੋਂ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਮੁੰਬਈ ਪੁਲਿਸ ਨੂੰ ਪਾਕਿਸਤਾਨ ਦੇ ਨੰਬਰ ਤੋਂ ਲੰਘੀ ਦੇਰ ਰਾਤ ਵਟਸਐਪ ਮੈਸੇਜ ਮਿਲਿਆ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਜੇਕਰ ਲੋਕੇਸ਼ਨ ਟਰੇਸ ਕੀਤੀ ਗਈ ਤਾਂ ਉਹ ਭਾਰਤ ਤੋਂ ਬਾਹਰ ਦੀ ਮਿਲੇਗੀ ਅਤੇ ਧਮਾਕਾ ਮੁੰਬਈ ਵਿਚ ਹੋਵੇਗਾ। ਇਸ ਧਮਕੀ ਭਰੇ ਮੈਸੇਜ ਵਿਚ ਕਿਹਾ ਗਿਆ ਹੈ ਕਿ 6 ਵਿਅਕਤੀ ਭਾਰਤ ’ਚ ਇਸ ਕੰਮ ਨੂੰ ਅੰਜ਼ਾਮ ਦੇਣਗੇ। ਜਿਸ ਨੰਬਰ ਤੋਂ ਇਹ ਮੈਸੇਜ ਕੀਤਾ ਗਿਆ ਹੈ ਉਹ ਪਾਕਿਸਤਾਨ ਦਾ ਹੈ। ਮੈਸੇਜ ਵਿਚ ਉਦੇਪੁਰ ਕਾਂਡ ਦਾ ਜ਼ਿਕਰ ਕੀਤਾ ਗਿਆ। ਧਮਕੀ ਭਰਿਆ ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਧਿਆਨ ਰਹੇ ਕਿ ਲੰਘੇ ਦਿਨੀਂ ਮਹਾਰਾਸ਼ਟਰ ਦੇ ਰਾਏਗੜ੍ਹ ਵਿਚ ਇਕ ਲਾਵਾਰਿਸ਼ ਕਿਸ਼ਤੀ ਵਿਚੋਂ ਤਿੰਨ ਏਕੇ 47 ਰਾਈਫਲਾਂ ਸਮੇਤ ਵੱਡੀ ਮਾਤਰਾ ਵਿਚ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਸੀ। ਜਾਂਚ ਵਿਚ ਵੀ ਅੱਤਵਾਦੀ ਹਮਲੇ ਦੀ ਸ਼ੰਕਾ ਪ੍ਰਗਟਾਈ ਗਈ ਹੈ। ਉਧਰ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਤੇ ਇੰਡੀਅਨ ਕੋਸਟ ਗਾਰਡ ਦੇ ਅਧਿਕਾਰੀ ਨੇ ਕਿਸੇ ਤਰ੍ਹਾਂ ਦੇ ਅੱਤਵਾਦੀ ਹਮਲੇ ਤੋਂ ਇਨਕਾਰ ਕਰ ਦਿੱਤਾ ਹੈ। ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਅੱਤਵਾਦੀ ਸਾਜਿਸ਼ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਜਦਕਿ ਸੁਰੱਖਿਆ ਦੇ ਲਿਹਾਜ ਨਾਲ ਐਨਆਈਏ ਅਤੇ ਏਟੀਐਸ ਦੀਆਂ ਟੀਮਾਂ ਜਾਂਚ ਵਿਚ ਜੁਟ ਗਈਆਂ ਹਨ।