ਕਿਹਾ : ਚੰਨੀ ਸਰਕਾਰ ਨੇ ਗਰਮੀ ਦੇ ਸੀਜਨ ਲਈ ਨਹੀਂ ਕੀਤਾ ਸੀ ਕੋਈ ਪ੍ਰਬੰਧ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਪੈਦਾ ਹੋਏ ਬਿਜਲੀ ਦੇ ਸੰਕਟ ’ਤੇ ਸਫਾਈ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਗਰਮੀ ਦੇ ਇਸ ਸੀਜਨ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਰਕੇ ਸਾਨੂੰ ਅੱਜ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਿਜਲੀ ਦੀ ਮੰਗ 40 ਫੀਸਦੀ ਵਧੀ ਹੈ ਅਤੇ ਅਜਿਹੇ ’ਚ 24 ਘੰਟੇ ਬਿਜਲੀ ਸਪਲਾਈ ਦੇਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ’ਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਪਹੁੰਚ ਚੁੱਕੀ ਹੈ ਜਦਕਿ ਡਿਮਾਂਡ ਅਤੇ ਸਪਲਾਈ ’ਚ ਲਗਭਗ 1200 ਮੈਗਾਵਾਟ ਦਾ ਅੰਤਰ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਲੰਘੀ 26 ਅਪ੍ਰੈਲ ਨੂੰ ਆਈ ਤਕਨੀਕੀ ਖਰਾਬੀ ਕਾਰਨ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਂਟ ਦਾ ਇਕ-ਇਕ ਯੂਨਿਟ ਬੰਦ ਹੋਣ ਕਾਰਨ ਵੀ ਸੂਬੇ ’ਚ ਬਿਜਲੀ ਸੰਕਟ ਗਹਿਰਾਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੰਕਟ ਇਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਸਮੁੱਚੇ ਦੇਸ਼ ਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪੂਰੀ ਸਥਿਤੀ ’ਤੇ ਧਿਆਨ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਲੰਘੇ 75 ਸਾਲਾਂ ’ਚ ਪਿਛਲੀਆਂ ਸਰਕਾਰਾਂ ਨੇ ਬਿਜਲੀ ਪ੍ਰਬੰਧ ਅਤੇ ਥਰਮਲ ਪਲਾਂਟਾਂ ’ਚ ਕੋਈ ਸੁਧਾਰ ਨਹੀਂ ਕੀਤਾ ਗਿਆ, ਜਿਸ ਦੇ ਨਤੀਜੇ ਸਾਨੂੰ ਅੱਜ ਭੁਗਤਣੇ ਪੈ ਰਹੇ ਹਨ।