Breaking News
Home / ਪੰਜਾਬ / ਅਮਿਤੇਸ਼ਵਰ ਕੌਰ ਦਸਤਾਰ ਸਜਾ ਕੇ ਜਾਏਗੀ ਕਾਲਜ

ਅਮਿਤੇਸ਼ਵਰ ਕੌਰ ਦਸਤਾਰ ਸਜਾ ਕੇ ਜਾਏਗੀ ਕਾਲਜ

ਬੇਂਗਲੁਰੂ ਦੇ ਕਾਲਜ ਪ੍ਰਸ਼ਾਸਨ ਨੇ ਵਿਦਿਆਰਥਣ ਅਤੇ ਪਰਿਵਾਰ ਕੋਲੋਂ ਮੰਗੀ ਮੁਆਫੀ
ਲੁਧਿਆਣਾ/ਬਿਊਰੋ ਨਿਊਜ਼
ਬੇਂਗਲੁਰੂ ਦੇ ਕਾਲਜ ਵਿਚ ਗੁਰਸਿੱਖ ਵਿਦਿਆਰਥਣ ਨੂੰ ਦਸਤਾਰ ਸਜਾ ਕੇ ਕਾਲਜ ਆਉਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਗੌਰਵ ਅਰੋੜਾ ਨੇ ਕਾਲਜ ਪ੍ਰਸ਼ਾਸਨ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ, ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ ਕਾਲਜ ਪ੍ਰਸ਼ਾਸਨ 15 ਦਿਨਾਂ ਦੇ ਅੰਦਰ-ਅੰਦਰ ਸਿੱਖ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਕੋਲੋਂ ਮੁਆਫੀ ਮੰਗੇ। ਉਨ੍ਹਾਂ ਨਾਲ ਹੀ ਇਹ ਵੀ ਲਿਖਿਆ ਸੀ ਕਿ ਕਾਲਜ ਪ੍ਰਸ਼ਾਸਨ ਨੂੰ ਸਿੱਖ ਵਿਦਿਆਰਥਣ ਦੇ ਦਸਤਾਰ ਸਜਾ ਕੇ ਕਾਲਜ ਆਉਣ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸੇ ਦੌਰਾਨ ਕਾਲਜ ਪ੍ਰਸ਼ਾਸਨ ਨੇ ਸਿੱਖ ਵਿਦਿਆਰਥਣ ਨੂੰ ਦਸਤਾਰ ਸਜਾ ਕੇ ਕਾਲਜ ਆਉਣ ਲਈ ਹਾਂ ਕਰ ਦਿੱਤੀ। ਕਾਲਜ ਪ੍ਰਸ਼ਾਸਨ ਨੇ ਅਮਿਤੇਸ਼ਵਰ ਕੌਰ ਅਤੇ ਉਸ ਦੇ ਪਰਿਵਾਰ ਕੋਲੋਂ ਮੁਆਫ਼ੀ ਵੀ ਮੰਗ ਲਈ ਹੈ। ਇਸ ਸਬੰਧੀ ਜਾਣਕਾਰੀ ਵਿਦਿਆਰਥਣ ਦੇ ਪਿਤਾ ਗੁਰਚਰਨ ਸਿੰਘ ਨੇ ਐਡਵੋਕੇਟ ਗੌਰਵ ਅਰੋੜਾ ਨੂੰ ਈਮੇਲ ਕਰਕੇ ਦਿੱਤੀ। ਐਡਵੋਕੇਟ ਅਰੋੜਾ ਵੱਲੋਂ ਭੇਜੇ ਗਏ ਨੋਟਿਸ ਵਿਚ ਕਿਹਾ ਸੀ ਕਿ ਸਾਡੇ ਸੰਵਿਧਾਨ ਦੀ ਧਾਰਾ 25 ’ਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸਿੱਖ ਕੌਮ ਨੂੰ ਕਿਰਪਾਨ ਪਹਿਨਣ ਅਤੇ ਦਸਤਾਰ ਸਜਾਉਣ ਦੀ ਆਗਿਆ ਹੈ ਅਤੇ ਇਸ ’ਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਧਿਆਨ ਰਹੇ ਕਿ ਲੰਘੇ ਦਿਨੀਂ ਕਰਨਾਟਕ ਵਿਚ ਹਿਜਾਬ ਵਿਵਾਦ ਦੇ ਚੱਲਦਿਆਂ ਅਖੰਡ ਕੀਰਤਨੀ ਜਥੇ ਨਾਲ ਸਬੰਧਤ ਵਿਦਿਆਰਥਣ ਅਮਿਤੇਸ਼ਵਰ ਕੌਰ ਨੂੰ ਦਸਤਾਰ ਸਜਾ ਕੇ ਬੈਂਗਲੁਰੂ ਦੇ ਕਾਲਜ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ।

 

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …