ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ, ਤੀਜੀ ਵਿਸ਼ਵ ਜੰਗ ਛਿੜੀ ਤਾਂ ਪਰਮਾਣੂ ਹਥਿਆਰਾਂ ਦੀ ਹੋਵੇਗੀ ਖੁੱਲ੍ਹੀ ਵਰਤੋਂ
ਨਵੀਂ ਦਿੱਲੀ/ਬਿਊਰੋ ਨਿਊਜ਼
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਿਹਾ ਟਕਰਾਅ ਹੁਣ ਹੋਰ ਖਤਰਨਾਕ ਦੌਰ ਵੱਲ ਜਾਂਦਾ ਦਿਸ ਰਿਹਾ ਹੈ। ਇਸੇ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਜੇ ਤੀਜੀ ਵਿਸ਼ਵ ਜੰਗ ਛਿੜੀ ਤਾਂ ਇਸ ਵਿੱਚ ਪਰਮਾਣੂ ਹਥਿਆਰਾਂ ਦੀ ਖੁੱਲ੍ਹੀ ਵਰਤੋਂ ਹੋਵੇਗੀ ਅਤੇ ਇਹ ਜੰਗ ਤਬਾਹਕੁੰਨ ਸਾਬਤ ਹੋਵੇਗੀ। ਸਰਗੇਈ ਲਾਵਰੋਵ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਯੂਕਰੇਨ ਨੂੰ ਪ੍ਰਮਾਣ ਹਥਿਆਰ ਹਾਸਲ ਨਹੀਂ ਕਰਨ ਦਿਆਂਗੇ ਅਤੇ ਇਹ ਜੋ ਜੰਗ ਚੱਲ ਰਹੀ ਹੈ, ਉਸ ਲਈ ਅਮਰੀਕਾ ਅਤੇ ਪੱਛਮੀ ਦੇਸ਼ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਸ਼ੁਰੂ ਤੋਂ ਹੀ ਅਮਰੀਕਾ ਦੇ ਇਸ਼ਾਰਿਆਂ ’ਤੇ ਚੱਲ ਰਿਹਾ ਹੈ। ਧਿਆਨ ਰਹੇ ਕਿ ਰੂੁਸ ਵਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਦਾ ਅੱਜ ਸੱਤਵਾਂ ਦਿਨ ਹੈ ਅਤੇ ਰੂੁਸ ਦੀ ਫੌਜ ਨੇ ਕੀਵ ਵਿਚ ਅੱਜ ਵੀ ਬੰਬਾਰੀ ਕੀਤੀ। ਰੂਸ ਵਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਬਾਅਦ 5 ਲੱਖ ਤੋਂ ਜ਼ਿਆਦਾ ਵਿਅਕਤੀ ਯੂਕਰੇਨ ਛੱਡ ਚੁੱਕੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੀਵ ਅਤੇ ਲੀਵ ਸਣੇ ਦੂਜੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ’ਤੇ ਵੀ ਲੋਕਾਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਲੋਕ ਦੋ-ਦੋ ਦਿਨ ਤੋਂ ਟਰੇਨਾਂ ਦੀ ਇੰਤਜ਼ਾਰ ਕਰ ਰਹੇ ਹਨ।