Breaking News
Home / ਪੰਜਾਬ / ਪੰਜਾਬ ‘ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਪੰਜਾਬ ‘ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਬਾਦਲ, ਸੁਖਬੀਰ, ਚੰਨੀ, ਕੈਪਟਨ ਅਤੇ ਸਾਂਪਲਾ ਨੇ ਭਰੇ ਨਾਮਜ਼ਦਗੀ ਪਰਚੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਨਾਮਜ਼ਦਗੀਆਂ ਭਰਨ ਦਾ ਕੰਮ ਵੀ 1 ਫਰਵਰੀ ਨੂੰ ਪੂਰਾ ਹੋ ਗਿਆ ਹੈ। ਇਸਦੇ ਚੱਲਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਨਾਮਜ਼ਦਗੀ ਪਰਚਾ ਭਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ, ਚਰਨਜੀਤ ਸਿੰਘ ਚੰਨੀ ਨੇ ਹਲਕਾ ਭਦੌੜ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰੀ ਹਲਕੇ ਤੋਂ ਨਾਮਜ਼ਦਗੀ ਕਾਗਜ਼ ਭਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਪ੍ਰਕਾਸ਼ ਸਿੰਘ ਬਾਦਲ ਨੇ ਮਲੋਟ ਵਿਖੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਹਨ ਅਤੇ ਇਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਲਾਲਾਬਾਦ ‘ਚ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਇਸਦੇ ਚੱਲਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਉਮੀਦਵਾਰ ਵਜੋਂ ਹਲਕਾ ਭਦੌੜ ਤੋਂ ਨਾਮਜ਼ਦਗੀ ਭਰ ਦਿੱਤੀ ਹੈ। ਧਿਆਨ ਰਹੇ ਕਿ ਚਰਨਜੀਤ ਸਿੰਘ ਚੰਨੀ ਦੋ ਹਲਕਿਆਂ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਹਲਕੇ ਤੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਵਿਜੇ ਸਾਂਪਲਾ ਵਲੋਂ ਵੀ ਫਗਵਾੜਾ ਤੋਂ ਨਾਮਜ਼ਦਗੀ ਭਰੀ ਗਈ ਹੈ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਪੁੱਜੇ। ਸ਼ਹਿਰ ਦੇ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਨਾਮਜ਼ਦਗੀ ਪੱਤਰ ਦਾਖਲ ਕਰਨ ਉਪਰੰਤ ਚੰਨੀ ਨੇ ਤਪਾ ਦੇ ਵੱਖ-ਵੱਖ ਇਲਾਕਿਆਂ ਅਤੇ ਬਾਜ਼ਾਰਾਂ ਦਾ ਦੌਰਾ ਕਰਦੇ ਹੋਏ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਤੇ ਲੋਕਾਂ ਨਾਲ ਤਸਵੀਰਾਂ ਖਿਚਵਾਈਆਂ। ਇੱਥੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ, ”ਮੈਂ ਸੁਦਾਮਾ ਦੀ ਤਰ੍ਹਾਂ ਵੋਟਾਂ ਮੰਗਣ ਲਈ ਆਇਆ ਹਾਂ, ਤੁਸੀਂ ਕ੍ਰਿਸ਼ਨ ਬਣ ਕੇ ਮੇਰੀ ਝੋਲੀ ਵੋਟਾਂ ਨਾਲ ਭਰ ਦਿਓ।” ਉਨ੍ਹਾਂ ਕਿਹਾ ਕਿ ਉਹ ਮਾਲਵਾ ਖੇਤਰ ‘ਚੋਂ ਚੋਣ ਲੜ ਕੇ ਮਾਲਵੇ ਦੀ ਤਰੱਕੀ ਵਿੱਚ ਹਿੱਸਾ ਪਾਉਣ ਲਈ ਆਏ ਹਨ ਅਤੇ ਮਾਲਵੇ ਦੇ ਮੱਥੇ ਤੋਂ ਪਛੜੇ ਇਲਾਕੇ ਦਾ ਕਲੰਕ ਲਾਹ ਕੇ ਰਹਿਣਗੇ।
ਚੰਨੀ ਨੇ ਵਿਰੋਧੀ ਆਗੂਆਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਉਨ੍ਹਾਂ ਖਿਲਾਫ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜ ਲੈਣ, ਲੋਕ ਉਨ੍ਹਾਂ ਨੂੰ ਹਰਾ ਕੇ ਦਿੱਲੀ ਭੇਜਣਗੇ। ਇਸ ਦੌਰਾਨ ਉਨ੍ਹਾਂ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਭੋਂਦੂ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਭਗਵੰਤ ਮਾਨ 6 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਦੇ ਹਨ ਕਿਉਂਕਿ ਉਨ੍ਹਾਂ ਦੀ ਪਾਰਟੀ ਸ਼ੁਰੂ ਹੋ ਜਾਂਦੀ ਹੈ ਤਾਂ ਅਜਿਹੇ ਵਿਅਕਤੀ ਪੰਜਾਬ ਦੀ ਸੰਭਾਲ ਕੀ ਕਰਨਗੇ।
95 ਸਾਲਾਂ ਦੇ ਬਾਦਲ ਫਿਰ ਚੋਣ ਮੈਦਾਨ ‘ਚ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਛੇਵੀਂ ਵਾਰ ਚੋਣ ਲੜਨ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਰਿਟਰਨਿੰਗ ਅਫ਼ਸਰ ਰਾਜਦੀਪ ਕੌਰ ਕੋਲ ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਲੰਬੀ ਵਿੱਚ ਉਨ੍ਹਾਂ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ ਅਤੇ ਉਹ ਬਹੁਮਤ ਨਾਲ ਜਿੱਤ ਦਰਜ ਕਰਨਗੇ। ਮਿਲੀ ਜਾਣਕਾਰੀ ਅਨੁਸਾਰ 95 ਸਾਲਾ ਬਾਦਲ ਪੰਜਾਬ ਵਿੱਚ ਸਭ ਤੋਂ ਵਡੇਰੀ ਉਮਰ ਦੇ ਉਮੀਦਵਾਰ ਹਨ। 1997 ਤੋਂ ਲੰਬੀ ਹਲਕੇ ਤੋਂ ਬਾਦਲ ਦੀ ਵਿਧਾਇਕੀ ਬਰਕਰਾਰ ਚੱਲੀ ਆ ਰਹੀ ਹੈ। ਬਾਦਲ ਨੇ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਪੱਤਰ ਦੇ ਤਿੰਨ ਸੈੱਟ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਮੇਜਰ ਭੁਪਿੰਦਰ ਸਿੰਘ ਢਿੱਲੋਂ, ਲਾਲੀ ਬਾਦਲ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਗੁਰਮੀਤ ਸਿੰਘ ਮਾਨ ਵਕੀਲ ਵੀ ਹਾਜ਼ਰ ਸਨ। ਹਲਕਾ ਲੰਬੀ ਤੋਂ ਕਾਂਗਰਸ ਵੱਲੋਂ ਜਗਪਾਲ ਅਬੁੱਲਖੁਰਾਣਾ ਅਤੇ ‘ਆਪ’ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਪਹਿਲਾਂ ਹੀ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ।
ਕੈਪਟਨ ਨੇ ਸੇਖਾਵਤ ਦੀ ਮੌਜੂਦਗੀ ‘ਚ ਭਰਿਆ ਨਾਮਜ਼ਦਗੀ ਪੱਤਰ
ਪਟਿਆਲਾ : ਆਪਣੀ ਮਾਂ ਪਾਰਟੀ ਕਾਂਗਰਸ ਨੂੰ ਅਲਵਿਦਾ ਆਖ ਕੇ ਤਿੰਨ ਦਹਾਕਿਆਂ ਮਗਰੋਂ ਖੁਦ ਦੀ ਬਣਾਈ ਪਾਰਟੀ ਵੱਲੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ਵੀ ਉਨ੍ਹਾਂ ਦੇ ਨਾਲ ਸਨ। ਸਿਆਸੀ ਮਜਬੂਰੀ ਕਰ ਕੇ ਕੈਪਟਨ ਦੀ ਪਤਨੀ ਪਰਨੀਤ ਕੌਰ ਉਨ੍ਹਾਂ ਦੇ ਨਾਲ ਨਹੀਂ ਆ ਸਕੇ ਕਿਉਂਕਿ ਪਰਨੀਤ ਕੌਰ ਅਜੇ ਵੀ ਕਾਂਗਰਸ ਵਿਚ ਹੀ ਹਨ। ਅਜਿਹੀ ਹੀ ਮਜਬੂਰੀ ਐਤਕੀ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਬਣਨ ‘ਚ ਵੀ ਅੜਿੱਕਾ ਬਣੀ, ਜਿਸ ਕਰ ਕੇ ਪਹਿਲੀ ਵਾਰ ਸ਼ਾਹੀ ਪਰਿਵਾਰ ਦੀ ਧੀ ਜੈ ਇੰਦਰ ਕੌਰ ਨੂੰ ਕੈਪਟਨ ਦਾ ਕਵਰਿੰਗ ਉਮੀਦਵਾਰ ਬਣਨਾ ਪਿਆ। ਇਸੇ ਕਾਰਨ ਐਤਕੀ ਪਰਨੀਤ ਕੌਰ ਦੀ ਥਾਂ ਕੈਪਟਨ ਦੀ ਚੋਣ ਮੁਹਿੰਮ ਦੀ ਕਮਾਨ ਵੀ ਉਨ੍ਹਾਂ ਦੀ ਧੀ ਜੈਇੰਦਰ ਕੌਰ ਨੂੰ ਹੀ ਸੰਭਾਲਣੀ ਪੈ ਰਹੀ ਹੈ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …