Breaking News
Home / ਪੰਜਾਬ / ਚਰਨਜੀਤ ਸਿੰਘ ਚੰਨੀ ਦਾ ਭਾਣਜਾ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਈਡੀ ਦੀ ਹਿਰਾਸਤ ‘ਚ

ਚਰਨਜੀਤ ਸਿੰਘ ਚੰਨੀ ਦਾ ਭਾਣਜਾ ਨਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਈਡੀ ਦੀ ਹਿਰਾਸਤ ‘ਚ

ਮੁਹਾਲੀ ਅਤੇ ਲੁਧਿਆਣਾ ਸਣੇ ਪੰਜਾਬ ‘ਚ 12 ਥਾਵਾਂ ‘ਤੇ ਈਡੀ ਵਲੋਂ ਛਾਪੇਮਾਰੀ
ਚੰਡੀਗੜ੍ਹ : ਨਜਾਇਜ਼ ਰੇਤ ਮਾਈਨਿੰਗ ਦੇ 3 ਸਾਲ ਪੁਰਾਣੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਫਲੈਟ ‘ਤੇ ਛਾਪੇਮਾਰੀ ਕੀਤੀ। ਈਡੀ ਦੀ ਟੀਮ ਨੇ ਸਵੇਰੇ 8 ਵਜੇ ਮੋਹਾਲੀ ਦੇ ਸੈਕਟਰ 70 ਸਥਿਤ ਘਰ ‘ਤੇ ਛਾਪਾ ਮਾਰਿਆ। ਟੀਮ ਵਿਚ ਸ਼ਾਮਲ ਕਰੀਬ 15 ਕਰਮਚਾਰੀਆਂ ਨੇ ਫਲੈਟ ਦੇ ਅੰਦਰ ਜਾ ਕੇ ਭੁਪਿੰਦਰ ਸਿੰਘ ਕੋਲੋਂ ਪੁੱਛਗਿੱਛ ਅਤੇ ਉਸ ਨੂੰ ਤੇ ਉਸ ਦੇ ਇਕ ਸਾਥੀ ਨੂੰ ਹਿਰਾਸਤ ਵਿਚ ਲੈ ਲਿਆ। ਈਡੀ ਨੇ ਮੋਹਾਲੀ, ਲੁਧਿਆਣਾ ਵਿਚ ਦੋ ਜਗ੍ਹਾ, ਫਤਹਿਗੜ੍ਹ ਸਾਹਿਬ, ਨਵਾਂਸ਼ਹਿਰ ਅਤੇ ਪਠਾਨਕੋਟ ਸਣੇ 12 ਥਾਵਾਂ ‘ਤੇ ਛਾਪੇ ਮਾਰੇ ਹਨ ਅਤੇ 13 ਪ੍ਰਾਪਰਟੀਜ਼ ਦੇ ਰਿਕਾਰਡ ਨੂੰ ਕਬਜ਼ੇ ਵਿਚ ਲਿਆ ਹੈ। ਚੰਨੀ ਦੇ ਭਾਣਜੇ ਤੇ ਉਸਦੇ ਸਹਿਯੋਗੀ ਸੰਦੀਪ ਕੁਮਾਰ ਦੇ ਘਰ ਤੋਂ 10 ਕਰੋੜ ਰੁਪਏ ਦੀ ਨਗਦੀ ਵੀ ਮਿਲੀ ਹੈ। ਅੱਠ ਕਰੋੜ ਰੁਪਏ ਭੁਪਿੰਦਰ ਸਿੰਘ ਦੇ ਘਰ ਤੋਂ ਅਤੇ 2 ਕਰੋੜ ਰੁਪਏ ਸੰਦੀਪ ਕੁਮਾਰ ਕੋਲੋਂ ਮਿਲੇ ਦੱਸੇ ਜਾ ਰਹੇ ਹਨ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋਈ। ਈਡੀ ਨੇ ਨਾਜਾਇਜ਼ ਖਣਨ ਮਾਮਲੇ ਵਿੱਚ ਕੀਤੀ ਛਾਪੇਮਾਰੀ ਦੌਰਾਨ ਕਾਂਗਰਸ ਆਗੂ ਅਤੇ ਪਿੰਡ ਬੁੱਗਾ ਦੇ ਸਾਬਕਾ ਸਰਪੰਚ ਰਣਦੀਪ ਸਿੰਘ ਬੁੱਗਾ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ।
ਅਸੀਂ ਹਰ ਚੁਣੌਤੀ ਦਾ ਸਾਹਮਣਾ ਕਰਾਂਗੇ : ਚੰਨੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਕਈ ਥਾਵਾਂ ‘ਤੇ ਮਾਰੇ ਗਏ ਛਾਪੇ, ਉਨ੍ਹਾਂ ਅਤੇ ਉਨ੍ਹਾਂ ਦੇ ਮੰਤਰੀਆਂ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ। ਚੰਨੀ ਨੇ ਕਿਹਾ ਕਿ ਜਦੋਂ ਪੱਛਮੀ ਬੰਗਾਲ ਵਿੱਚ ਚੋਣਾਂ ਸਨ, ਉਦੋਂ ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ ‘ਤੇ ਅਜਿਹੀਆਂ ਕਾਰਵਾਈਆਂ ਹੋਈਆਂ ਸਨ। ਹੁਣ ਪੰਜਾਬ ਵਿੱਚ ਉਸੇ ਤਰਜ਼ ‘ਤੇ ਈਡੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਰੋਪ ਲਾਇਆ ਕਿ ਸਿਰਫ ਮੰਤਰੀਆਂ, ਮੁੱਖ ਮੰਤਰੀ ‘ਤੇ ਹੀ ਨਹੀਂ ਹਰ ਕਾਂਗਰਸੀ ਵਰਕਰ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਅਜਿਹਾ ਮਾਹੌਲ ਲੋਕਤੰਤਰ ਲਈ ਚੰਗਾ ਨਹੀਂ, ਜਦੋਂ ਚੋਣਾਂ ਨੇੜੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਈਡੀ ਦੇ ਅਜਿਹੇ ਛਾਪੇ ਲੋਕਤੰਤਰ ਲਈ ਠੀਕ ਨਹੀਂ ਹਨ। ਚੰਨੀ ਹੋਰਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਕਿੰਨਾ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਲਵੇ ਪਰ ਪੰਜਾਬੀ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਅਸੀਂ ਪੂਰੀ ਹਿੰਮਤ ਨਾਲ ਹਰ ਚੁਣੌਤੀ ਦਾ ਸਾਹਮਣਾ ਕਰਾਂਗੇ।
ਚੰਨੀ ਪਰਿਵਾਰ ਨਾਜਾਇਜ਼ ਮਾਈਨਿੰਗ ‘ਚ ਸ਼ਾਮਲ: ਕੇਜਰੀਵਾਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਾਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਲੋਚਨਾ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਚੰਨੀ ਪਰਿਵਾਰ ਸਮੇਤ ਰੇਤ ਦੀ ਨਜਾਇਜ਼ ਮਾਈਨਿੰਗ ਵਿਚ ਸ਼ਾਮਲ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਦੁੱਖ ਤੇ ਹੈਰਾਨੀ ਦੀ ਗੱਲ ਹੈ ਛਾਪਿਆਂ ਦੀ ਜ਼ੱਦ ਵਿੱਚ ਮੁੱਖ ਮੰਤਰੀ ਦਾ ਰਿਸ਼ਤੇਦਾਰ ਵੀ ਹੈ।
ਕੇਜਰੀਵਾਲ ਨੇ ਆਰੋਪ ਲਾਇਆ ਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਚੰਨੀ ਮੰਤਰੀ ਮੰਡਲ ‘ਚ ਵੀ ਅਜਿਹੇ ਲੋਕ ਹਨ ਜੋ ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਸ਼ਾਮਲ ਹਨ ਅਤੇ ਚੰਨੀ ਸਾਹਿਬ ਖੁਦ ਉਨ੍ਹਾਂ ਨੂੰ ਸਰਪ੍ਰਸਤੀ ਦੇ ਰਹੇ ਹਨ।

 

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …