Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-7)
ਘੁੰਡ ਕੱਢ ਲੈ ਪੱਤਣ ‘ਤੇ ਖੜੀਏ
ਘੁੰਡ ਨੂੰ ਹਿੰਦੀ ਵਿਚ ਘੁੰਗਟ ਜਾਂ ਝੁੰਡ ਕਿਹਾ ਜਾਂਦਾ ਹੈ। ਦੱਖਣੀ ਏਸ਼ੀਆ ਦੇ ਕਈ ਇਲਾਕਿਆਂ ਵਿਚ ਔਰਤਾਂ ਵਲੋਂ ਆਪਣੇ ਸਿਰ ਤੇ ਚਿਹਰੇ ਨੂੰ ਢੱਕਣ ਲਈ ਘੁੰਡ ਕੱਢਣ ਦਾ ਰਿਵਾਜ਼ ਹੈ। ਘੁੰਡ ਕੱਢਣ ਲਈ ਆਮ ਤੌਰ ‘ਤੇ ਸਿਰ ‘ਤੇ ਲਈ ਹੋਈ ਚੁੰਨੀ ਨੂੰ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਜਿਹੜੀਆਂ ਵਿਆਹੀਆਂ ਹੋਈਆਂ ਔਰਤਾਂ ਸਾੜੀਆਂ ਪਹਿਨਦੀਆਂ ਹਨ, ਉਹ ਸਾੜੀ ਦੇ ਪੱਲੂ ਨੂੰ ਸਿਰ ਉਤੇ ਲੈ ਕੇ ਘੁੰਡ ਕੱਢ ਲੈਂਦੀਆਂ ਹਨ। ਵਿਆਹੀਆਂ ਹੋਈਆਂ ਔਰਤਾਂ ਆਪਣੇ ਸਹੁਰਾ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਉਨ੍ਹਾਂ ਸਾਰੇ ਮਰਦਾਂ ਤੋਂ ਘੁੰਡ ਕੱਢਦੀਆਂ ਹਨ, ਜਿਹੜੇ ਉਨ੍ਹਾਂ ਦੇ ਪਤੀਆਂ ਤੋਂ ਉਮਰ ਵਿਚ ਵੱਡੇ ਹੁੰਦੇ ਹਨ, ਜਿਵੇਂ ਸਹੁਰਾ, ਜੇਠ, ਪਤਿਓਰਾ, ਬਰਾਦਰੀ ਦੇ ਵੱਡੇ ਵਡੇਰੇ ਅਤੇ ਮਹਿਮਾਨ ਆਦਿ। ਘੁੰਡ ਕੱਢਣ ਨੂੰ ਮਾਣ ਸਤਿਕਾਰ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।
ਘੁੰਡ ਕੱਢਣ ਦੀ ਪ੍ਰਥਾ ਬਹੁਤ ਪੁਰਾਣੀ ਹੈ। ਅਸੀਰੀਆ ਦੀਆਂ ਪ੍ਰਾਚੀਨ ਕਾਨੂੰਨੀ ਕਿਤਾਬਾਂ ਦੀ ਘੋਖ ਕਰਨ ਤੋਂ ਬਾਅਦ ਪਤਾ ਚੱਲਦਾ ਹੈ ਕਿ ਈਸਵੀ ਸੰਨ ਤੋਂ ਲਗਭਗ ਤੇਰਾਂ ਸੌ ਸਾਲ ਪਹਿਲਾਂ ਅਸੀਰੀਅਨ ਔਰਤਾਂ ਵਿਚ ਘੁੰਡ ਕੱਢਣ ਦਾ ਰਿਵਾਜ਼ ਪ੍ਰਚਲਿਤ ਸੀ। ਇਸੇ ਤਰ੍ਹਾਂ ਹੀ ਯੂਨਾਨ ਦੇ ਕਈ ਪੁਰਾਤਨ ਬੁੱਤਾਂ ਵਿਚ ਔਰਤਾਂ ਨੂੰ ਆਪਣੇ ਸਿਰ ਅਤੇ ਮੂੰਹ ਨਾਲ ਢੱਕੇ ਹੋਏ ਦਰਸਾਇਆ ਗਿਆ ਹੈ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਸਮਿਆਂ ਵਿਚ ਯੂਨਾਨੀ ਔਰਤਾਂ ਘੁੰਡ (ਪਰਦੇ) ਦੀ ਵਰਤੋਂ ਕਰਦੀਆਂ ਸਨ।
ਸਦੀਆਂ ਤੋਂ, ਮਰਦ ਪ੍ਰਧਾਨ ਸਮਾਜ ਵਿਚ ਮਰਦਾਂ ਨੇ ਔਰਤਾਂ ਪ੍ਰਤੀ ਦਮਨਕਾਰੀ ਨੀਤੀ ਅਪਣਾਈ ਰੱਖੀ ਹੈ। ਸਮਾਜ ਵਿਚ ਹਮੇਸ਼ਾ ਹੀ ਔਰਤਾਂ ਦਾ ਸਥਾਨ ਮਰਦਾਂ ਤੋਂ ਨੀਵਾਂ ਮੰਨਿਆ ਜਾਂਦਾ ਰਿਹਾ ਹੈ। ਪੈਰ-ਪੈਰ ‘ਤੇ ਔਰਤਾਂ ਨੂੰ ਮਰਦਾਂ ਵਲੋਂ ਲਾਈਆਂ ਗਈਆਂ ਰੋਕਾਂ, ਬੰਦਿਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਮਰਦਾਂ ਦੀ ਆਗਿਆ ਤੋਂ ਬਿਨਾ ਘਰ ਦੀ ਚਾਰ-ਦੀਵਾਰੀ ਤੋਂ ਬਾਹਰ ਪੈਰ ਪਾਉਣੇ ਦਾ ਅਧਿਕਾਰ ਪ੍ਰਾਪਤ ਨਹੀਂ ਸੀ। ਨੂੰਹਾਂ ਅਤੇ ਧੀਆਂ ਨੂੰ ਹਰ ਸਮੇਂ ਪਰਦੇ ਵਿਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਸੀ। ਵਿਆਹੀਆਂ ਹੋਈਆਂ ਔਰਤਾਂ ਨੂੰ ਨੰਗੇ ਮੂੰਹ ਸਮਾਜ ਵਿਚ ਵਿਚਰਨ ਦੀ ਸਖਤ ਮਨਾਹੀ ਸੀ। ਨਿਮਨ ਲਿਖਤ ਅਖਾਣ ਤੋਂ ਵੀ ਇਸ ਕਥਨ ਦੀ ਪੁਸ਼ਟੀ ਹੁੰਦੀ ਹੈ :
ਭੋਜਨ, ਭਜਨ, ਖਜ਼ਾਨਾ, ਨਾਰੀ। ਚਾਰੋਂ ਪਰਦੇ ਕੇ ਅਧਿਕਾਰੀ।
ਪੁਰਾਣੇ ਸਮਿਆਂ ਵਿਚ ਔਰਤਾਂ ਨੂੰ ਦਬਾ ਕੇ ਰੱਖਣ ਦੀ ਪ੍ਰਥਾ ਥੋੜ੍ਹੀ ਬਹੁਤ ਏਸ਼ੀਆ ਦੇ ਸਾਰੇ ਦੇਸ਼ਾਂ ਵਿਚ ਸੀ। ਪਰ ਅਰਬ ਦੇਸ਼ਾਂ ਦੇ ਮਰਦ ਔਰਤਾਂ ਨੂੰ ਪਰਦੇ ਵਿਚ ਰੱਖਣ ਦੇ ਕਠੋਰ ਸਮਰਥਕ ਸਨ। ਇਸਲਾਮ ਧਰਮ ਦੇ ਸਭ ਤੋਂ ਵੱਡੇ ਦਰਸ਼ਨ ਅਚਾਰੀਆ ਅਲਗਜ਼ਾਲੀ (ਮੌਤ 1117 ਈਸਵੀ) ਦੀ ਲਿਖਤ ਤੋਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ। ਉਹ ਲਿਖਦਾ ਹੈ, ”ਜਿਥੋਂ ਤੱਕ ਸੰਭਵ ਹੋਵੇ ਔਰਤਾਂ ਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਚਾਹੀਦਾ, ਨਾ ਉਨ੍ਹਾਂ ਨੂੂੰ ਛੱਡ ‘ਤੇ ਜਾਣ ਦੇਣਾ ਚਾਹੀਦਾ ਹੈ, ਨਾ ਦਰਵਾਜ਼ੇ ਕੋਲ ਖੜ੍ਹਾ ਹੋਣ ਦੇਣਾ ਚਾਹੀਦਾ ਹੈ।” ਅਲਗਜ਼ਾਲੀ ਨੇ ਇਹ ਵੀ ਲਿਖਿਆ ਹੈ ਕਿ ਔਰਤਾਂ ਨਾ ਤਾਂ ਪਰਾਏ ਮਰਦਾਂ ਨੂੰ ਤੱਕਣ, ਨਾ ਹੀ ਉਨ੍ਹਾਂ ਨੂੰ ਆਪਣੇ ਆਪ ਨੂੰ ਵੇਖਣ ਦਾ ਮੌਕਾ ਦੇਣਾ ਚਾਹੀਦਾ ਹੈ, ਕਿਉਂਕਿ ਸਾਰੀਆਂ ਸ਼ਰਾਰਤਾਂ ਦੀ ਜੜ੍ਹ ਨਿਗ੍ਹਾ ਹੀ ਹੁੰਦੀ ਹੈ।
ਅਰਬੀ ਤੇ ਫਾਰਸੀ ਔਰਤਾਂ ਵਿਚ ਪਰਦੇ ਦਾ ਰਿਵਾਜ਼ ਇਸਲਾਮ ਧਰਮ ਦੇ ਆਰੰਭ ਹੋਣ ਤੋਂ ਪਹਿਲਾਂ ਵੀ ਸੀ। ਈਸਵੀ ਸੰਨ ਦੀ ਪਹਿਲੀ ਸਦੀ ਦੇ ਲੇਖਕ ਸਟਰਾਬੋ ਦੀਆਂ ਕੁਝ ਲਿਖਤਾਂ ਵਿਚ ਫਾਰਸੀ ਔਰਤਾਂ ਵਲੋਂ ਚਿਹਰਿਆਂ ‘ਤੇ ਪਰਦਾ ਕਰਨ ਦੇ ਹਵਾਲੇ ਮਿਲਦੇ ਹਨ। ਇਸੇ ਤਰ੍ਹਾਂ ਹੀ ਲੇਖਕ ਟਰਟੂਲੀਅਨ ਦੂਜੀ ਸਦੀ ਵਿਚ ਆਪਣੀ ਕਿਤਾਬ ‘ਦਾ ਲਿਵਿੰਗ ਆਫ ਵਰਜਿਨਜ਼’ ਵਿਚ ਜ਼ਿਕਰ ਕਰਦਾ ਹੈ ਕਿ ਅਰਬੀ ਔਰਤਾਂ ਉਨ੍ਹਾਂ ਸਮਿਆਂ ਵਿਚ ਸਿਰ ਤੇ ਚਿਹਰੇ ਨੂੰ ਢੱਕ ਕੇ ਰੱਖਦੀਆਂ ਸਨ।
ਪੁਰਾਤਨ ਚਿੱਤਰਾਂ ਤੇ ਬੁੱਤਾਂ ਦਾ ਨਿਰੀਖਣ ਕਰਨ ਪਿੱਛੋਂ ਪਤਾ ਚੱਲਦਾ ਹੈ ਕਿ ਆਰੀਆ ਸਭਿਅਤਾ ਸਮੇਂ ਭਾਰਤੀ ਔਰਤਾਂ ਘੁੰਡ ਨਹੀਂ ਸਨ ਕੱਢਦੀਆਂ ਪਰ ਮਹਾਂਭਾਰਤ ਵਿਚ ਦਰੋਪਦੀ ਦੀ ਕਥਾ ਵਿਚ ਪਰਦੇ ਦੀ ਥੋੜ੍ਹੀ ਬਹੁਤ ਝਲਕ ਜ਼ਰੂਰ ਦੇਖਣ ਨੂੰ ਮਿਲਦੀ ਹੈ। ਮੁਗਲ ਰਾਜ ਤੋਂ ਪਹਿਲਾਂ ਭਾਰਤੀ ਔਰਤਾਂ ਵਿਚ ਪਰਦੇ ਦਾ ਰਿਵਾਜ਼ ਬਹੁਤ ਹੀ ਘੱਟ ਸੀ। ਜਿਉਂ-ਜਿਉਂ ਮੁਗਲ ਸਾਮਰਾਜ ਫੈਲਦਾ ਗਿਆ ਤਿਉਂ-ਤਿਉਂ ਪਰਦੇ ਦੀ ਪ੍ਰਥਾ ਵੀ ਵਧਦੀ ਗਈ। ਲੇਖਕ ਰਾਮਧਾਰੀ ਸਿੰਘ ਦਿਨਕਰ ਲਿਖਦਾ ਹੈ ਕਿ, ”ਹਿੰਦੂਆਂ ਨੇ ਮੁਸਲਮਾਨਾਂ ਨੂੰ ਜਾਤੀਵਾਦ ਦਾ ਜ਼ਹਿਰ ਪਿਲਾਇਆ, ਬਦਲੇ ਵਿਚ ਮੁਸਲਮਾਨਾਂ ਨੇ ਹਿੰਦੂਆਂ ਨੂੰ ਪਰਦੇ ਦਾ ਸਰਾਪ ਦਿੱਤਾ।” ਮੁਸਲਮਾਨਾਂ ਦੇ ਰਾਜ ਸਮੇਂ ਪਰਦੇ ਦਾ ਰਿਵਾਜ਼ ਦਿਨੋ ਦਿਨ ਵਧਦਾ ਗਿਆ। ਰਜ਼ੀਆ ਬੇਗਮ ਦਰਬਾਰ ਲਾਉਣ ਸਮੇਂ ਪਰਦੇ ਵਿਚ ਬੈਠਦੀ ਸੀ।
ਜਦੋਂ ਮੁਗਲ ਤੇ ਪਠਾਣਾਂ ਦੇ ਰਾਜ ਸਮੇਂ ਸੋਹਣੀਆਂ, ਸੁਨੱਖੀਆਂ ਮੁਟਿਆਰਾਂ ਦੇ ਧੜਾ-ਧੜ ਉਧਾਲੇ ਹੋਣ ਲੱਗੇ ਤਾਂ ਭਾਰਤੀ ਮਾਪਿਆਂ ਨੂੰ ਆਪਣੀਆਂ ਜਵਾਨ ਨੂੰਹਾਂ ਤੇ ਧੀਆਂ ਨੂੰ ਇਨ੍ਹਾਂ ਧਾੜਵੀਆਂ ਦੀ ਮੰਦੀ ਨਜ਼ਰ ਤੋਂ ਬਚਾਉਣ ਦਾ ਫਿਕਰ ਸਤਾਉਣ ਲੱਗਾ :
ਧੀਆਂ ਵੇਚਣ ਕੁਆਰੀਆਂ ਫੜ ਕੇ,
ਰਾਜ ਚੁਗੱਤਿਆਂ ਦਾ …
ਲੋਕ ਨੂੰਹਾਂ ਤੇ ਧੀਆਂ ਨੂੰ ਸਖਤੀ ਨਾਲ ਪਰਦੇ ਵਿਚ ਰੱਖਣ ਲੱਗੇ। ਵਿਆਹੀਆਂ ਹੋਈਆਂ ਮੁਟਿਆਰਾਂ ਨੇ ਪੂਰੀਆਂ ਬਾਹਾਂ ਵਾਲੀਆਂ ਕੁੜਤੀਆਂ ਤੇ ਸਲਵਾਰਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਕਦੇ ਘਰੋਂ ਬਾਹਰ ਨਿਕਲਣਾ ਹੁੰਦਾ ਤਾਂ ਉਹ ਲੰਮਾ ਘੁੰਡ ਕੱਢ ਕੇ ਹੱਥਾਂ ਸਮੇਤ ਚਿਹਰੇ ਨੂੰ ਕੱਜ ਕੇ ਆਪਣੀ ਸਰੀਰਕ ਸੁੰਦਰਤਾ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਲੱਗੀਆਂ। ਇਸ ਤਰ੍ਹਾਂ ਹੌਲੀ-ਹੌਲੀ ਸਾਡੇ ਸਮਾਜ ਵਿਚ ਘੁੁੰਡ ਕੱਢਣ ਦੀ ਪ੍ਰਥਾ ਸਥਾਪਤ ਹੋ ਗਈ। ਵਿਆਹੀਆਂ ਹੋਈਆਂ ਔਰਤਾਂ ਲਈ ਘੁੰਡ ਕੱਢਣਾ ਸਭਿਅਤਾ ਅਤੇ ਲੱਜਾ ਦਾ ਪ੍ਰਤੀਕ ਮੰਨਿਆ ਜਾਣ ਲੱਗਾ। ਪਰਦੇ ਦੀ ਪ੍ਰਥਾ ਦੇ ਹਾਮੀ ਲੋਕ ਘੁੰਡ ਨੂੰ ਔਰਤਾਂ ਦੀ ਸ਼ਰਮ ਹਯਾ ਦਾ ਗਹਿਣਾ ਸਮਝਣ ਲੱਗੇ। ਪਿੰਡਾਂ ਵਿਚ ਕੁੜੀਆਂ ਦਾ ਨੰਗੇ ਸਿਰ ਤੇ ਨੂੰਹਾਂ ਦਾ ਬਿਨਾ ਘੁੰਡ ਤੋਂ ਤੁਰਨਾ ਮਾੜਾ ਤੇ ਅਸਭਿਆ ਸਮਝਿਆ ਜਾਣ ਲੱਗਾ। ਸਮਾਂ ਪਾ ਕੇ ਘੁੰਡ ਵਿਆਹੀਆਂ ਹੋਈਆਂ ਔਰਤਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਤੇ ਜ਼ਰੂਰੀ ਅੰਗ ਬਣ ਗਿਆ।
ਪੁਰਾਣੇ ਸਮਿਆਂ ਵਿਚ ਜਿਸ ਦਿਨ ਤੋਂ ਕੁੜੀ ਵਿਆਹੀ ਜਾਂਦੀ, ਉਸ ਲਈ ਘੁੰਡ ਕੱਢਣਾ ਜ਼ਰੂਰੀ ਹੋ ਜਾਂਦਾ। ਵਿਆਹੀਆਂ ਹੋਈਆਂ ਮੁਟਿਆਰਾਂ ਪਰਾਏ ਮਰਦ ਨੂੰ ਦੇਖ ਕੇ ਝੱਟ ਘੁੰਡ ਕੱਢ ਲੈਂਦੀਆਂ ਤੇ ਕੁਆਰੀਆਂ ਕੁੜੀਆਂ ਘਰ ਦੇ ਕਿਸੇ ਕੋਨੇ ਵਿਚ ਛੁਪ ਜਾਂਦੀਆਂ। ਉਨ੍ਹਾਂ ਸਮਿਆਂ ਵਿਚ ਸਜ-ਵਿਆਹੀਆਂ ਵਹੁਟੀਆਂ ਕਈ-ਕਈ ਮਹੀਨੇ ਆਪਣੇ ਘਰ ਵਾਲੇ ਤੇ ਦਿਉਰ ਕੋਲੋਂ ਵੀ ਘੁੰਡ ਕੱਢਦੀਆਂ ਸਨ। ਪੇਕੇ ਪਰਿਵਾਰ ਦੇ ਕਿਸੇ ਬਜ਼ੁਰਗ, ਪਿਉ, ਚਾਚੇ ਜਾਂ ਵੱਡੇ ਭਰਾ ਸਾਹਮਣੇ ਵੀ ਪਤੀ ਤੋਂ ਘੁੰਡ ਕੱਢਿਆ ਜਾਂਦਾ। ਜੇ ਕੋਈ ਮੁਟਿਆਰ ਬੇਧਿਆਨੀ ਹੋ ਕੇ ਘੁੰਡ ਕੱਢਣਾ ਭੁੱਲ ਜਾਂਦੀ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦੀ। ਕਈ ਇਲਾਕਿਆਂ ਤੇ ਕਬੀਲਿਆਂ ਵਿਚ ਸੱਸਾਂ ਜਵਾਈਆਂ ਤੋਂ ਵੀ ਘੁੰਡ ਕੱਢਦੀਆਂ ਸਨ।
ਘੁੰਡ ਕੱਢਣਾ ਵੀ ਇਕ ਹੁਨਰ ਹੈ। ਪਹਿਲੇ ਸਮਿਆਂ ਵਿਚ ਜਿਨ੍ਹਾਂ ਮੁਟਿਆਰਾਂ ਦੇ ਵਿਆਹ ਨੇੜੇ ਹੁੰਦੇ ਉਹ ਆਪਣੀਆਂ ਵਿਆਹੀਆਂ ਹੋਈਆਂ ਸਹੇਲੀਆਂ ਤੋਂ ਘੁੰਡ ਕੱਢਣ ਦੀ ਜਾਚ ਸਿੱਖਦੀਆਂ। ਪਰ ਕਈ ਵਾਰ ਭੋਲੀਆਂ ਭਾਲੀਆਂ ਅਣਜਾਣ ਕੁੜੀਆਂ ਜਦੋਂ ਸਹੁਰੇ ਪਿੰਡ ਜਾਂਦੀਆਂ ਤਾਂ ਘਬਰਾ ਕੇ ਠੀਕ ਢੰਗ ਨਾਲ ਘੁੰਡ ਨਾ ਕੱਢ ਸਕਦੀਆਂ ਤੇ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ :
ਮੈਥੋਂ ਘੁੰਡ ਕੱਢਿਆ ਨਾ ਜਾਵੇ,
ਸਹੁਰਿਆਂ ਦਾ ਪਿੰਡ ਆ ਗਿਆ …
ਘੁੰਡ ਮੱਢਣ ਦੇ ਕਈ ਢੰਗ ਪ੍ਰਚਲਿਤ ਰਹੇ ਹਨ। ਬਹੁਤੀਆਂ ਔਰਤਾਂ ਛੋਟਾ ਜਿਹਾ ਘੁੰਡ ਕੱਢ ਕੇ ਸਿਰ, ਮੱਥਾ, ਕੰਨ ਤੇ ਅੱਖਾਂ ਹੀ ਢੱਕਦੀਆਂ ਜਿਸ ਨੂੰ ਅੱਧਾ ਜਾਂ ਮਧਰਾ ਘੁੰਡ ਵੀ ਕਿਹਾ ਜਾਂਦਾ। ਛੋਟਾ ਘੁੰਡ ਆਮ ਤੌਰ ‘ਤੇ ਬਿਗਾਨੇ ਲੋਕਾਂ ਤੋਂ ਕੱਢਿਆ ਜਾਂਦਾ ਸੀ। ਅਜਿਹਾ ਘੁੰਡ ਕੱਢਣ ਵਾਲੀਆਂ ਔਰਤਾਂ ਨੂੰ ਆਸੇ ਪਾਸੇ ਦੇਖਣ ਵਿਚ ਬਹੁਤ ਸੌਖ ਰਹਿੰਦੀ ਤੇ ਦਰਸ਼ਕਾਂ ਨੂੰ ਵੀ ਘੁੰਡ ਕੱਢਣ ਵਾਲੀ ਮੁਟਿਆਰ ਦੇ ਹੁਸਨ ਦੀ ਥੋੜ੍ਹੀ ਬਹੁਤੀ ਝਲਕ ਦੇਖਣ ਨੂੰ ਮਿਲ ਜਾਂਦੀ :
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ,
ਘੁੰਡ ਵਿਚੋਂ ਮਾਰੇ ਲਿਸ਼ਕਾਂ …
ਇਕ ਹੋਰ ਦਿਲਚਸਪ ਘੁੰਡ ਕੱਢਣ ਦਾ ਵੀ ਕਾਫੀ ਰਿਵਾਜ਼ ਸੀ। ਕਈ ਔਰਤਾਂ ਜਦੋਂ ਕਿਸੇ ਮਰਦ ਨਾਲ ਗੱਲ ਕਰਦੀਆਂ ਤਾਂ ਚੁੰਨੀ ਦੇ ਇਕ ਪਾਸੇ ਦੇ ਲੜ ਨੂੰ ਖਿੱਚ ਕੇ ਆਪਣੇ ਚਿਹਰੇ ਦੇ ਇਕ ਪਾਸੇ ਨੂੰ ਲੁਕਾ ਲੈਂਦੀਆਂ। ਅਜਿਹਾ ਕਰਨ ਨਾਲ ਗੱਲ ਕਰਨ ਵਾਲੀ ਅਤੇ ਸੁਣਨ ਵਾਲੇ ਵਿਚਕਾਰ ਇਕਦਮ ਕੰਧ ਵਾਂਗ ਰੋਕ ਖੜ੍ਹੀ ਹੋ ਜਾਂਦੀ। ਅਜਿਹੇ ਘੁੰਡ ਨੂੰ ਕਾਣਾ ਘੁੰਡ ਕਿਹਾ ਜਾਂਦਾ ਸੀ। ਕਈ ਵਾਰ ਕਾਣਾ ਘੁੰਡ ਕੱਢਣ ਦੀਆਂ ਬਹੁਤ ਹੀ ਦਿਲਕਸ਼ ਝਾਕੀਆਂ ਦੇਖਣ ਨੂੰ ਮਿਲਦੀਆਂ। ਕਿਸੇ ਨਟਖਟ, ਚੰਚਲ ਵਿਆਹੀ ਹੋਈ ਮੁਟਿਆਰ ਦੇ ਇਕ ਪਾਸੇ ਜੇ ਛੜਾ ਜੇਠ ਬੈਠਾ ਹੁੰਦਾ ਤੇ ਦੂਜੇ ਪਾਸੇ ਉਸਦਾ ਪਤੀ ਜਾਂ ਦਿਉਰ ਤਾਂ ਉਹ ਜੇਠ ਵਾਲੇ ਪਾਸਿਓਂ ਚੁੰਨੀ ਨਾਲ ਘੁੰਡ ਕਰ ਲੈਂਦੀ, ਪਰ ਦੂਜੇ ਪਾਸਿਓਂ ਆਪਣੇ ਨੂੰਹ ਨੂੰ ਨੰਗਾ ਰੱਖਦੀ। ਕੋਈ ਚੁਸਤ ਚਲਾਕ ਭਾਬੀ ਕਾਣੇ ਘੁੰਡ ਦੇ ਉਹਲੇ ਵਿਚ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰਦੀ :
ਗੱਲਾਂ ਕਰਦੀ ਜੇਠ ਨਾਲ ਮਿੱਠੀਆਂ,
ਕਾਣਾ ਜਿਹਾ ਘੁੰਡ ਕੱਢ ਕੇ…
ਕਈ ਪੇਂਡੂ ਔਰਤਾਂ ਪਰਾਏ ਮਰਦਾਂ ਤੋਂ ਆਪਣੀ ਪਛਾਣ ਨੂੰ ਲੁਕਾਉਣ ਲਈ ਚੁੰਨੀ ਜਾਂ ਸਾੜੀ ਨਾਲ (ਹਰਿਆਣੇ ਵਿਚ) ਘੁੰਡ ਕੱਢ ਕੇ ਆਪਣੀ ਧੌਣ ਤੇ ਸਾਰੇ ਚਿਹਰੇ ਨੂੰ ਢੱਕ ਲੈਂਦੀਆਂ। ਹੱਥ ਭਰ ਲੰਮੇ ਅਜਿਹੇ ਘੁੰਡ ਨੂੰ ਲੰਮਾ ਘੁੰਡ ਕਿਹਾ ਜਾਂਦਾ ਸੀ। ਲੰਮਾ ਘੁੰਡ ਕੱਢ ਕੇ ਔਰਤਾਂ ਨੂੰ ਠੀਕ ਠਾਕ ਨਹੀਂ ਸੀ ਦਿਸਦਾ ਤੇ ਕਈ ਵਾਰ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ :
ਲੰਮੇ ਘੁੰਡ ਨੇ ਪੁਆੜਾ ਪਾਇਆ,
ਭਾਈ ਜੀ ‘ਤੇ ਮੈਂ ਡਿੱਗ ਪਈ …
ਵਹੁਟੀਆਂ ਸਹੁਰਿਆਂ ਅਤੇ ਸ਼ਰੀਕੇ ਦੇ ਹੋਰ ਵੱਡਿਆਂ, ਬਜ਼ੁਰਗਾਂ ਸਾਹਮਣੇ ਹਮੇਸ਼ਾ ਵੱਡਾ ਘੁੰਡ ਹੀ ਕੱਢਦੀਆਂ ਸਨ।
ਪਛੜੀਆਂ ਜਾਤੀਆਂ ਦੀਆਂ ਔਰਤਾਂ ਘੁੰਡ ਕੱਢ ਕੇ ਆਪਣਾ ਪੂਰਾ ਚਿਹਰਾ, ਛਾਤੀ ਅਤੇ ਢਿੱਡ ਨੂੰ ਢੱਕ ਲੈਂਦੀਆਂ ਹਨ। ਬਹੁਤ ਸਾਰੇ ਹਿੰਦੂ ਪਰਿਵਾਰਾਂ ਦੀਆਂ ਮੁਟਿਆਰਾਂ ਵੀ ਆਪਣੇ ਵਿਆਹ ਵਾਲੇ ਦਿਨ ਵਿਆਹ ਦੀਆਂ ਰਸਮਾਂ ਸਮੇਂ ਅਜਿਹਾ ਹੀ ਕਰਦੀਆਂ ਹਨ। ਪੁਰਾਣੇ ਸਮਿਆਂ ਵਿਚ ਜਦੋਂ ਵੀ ਕੋਈ ਨਵੀਂ ਵਿਆਹੀ ਮੁਟਿਆਰ ਆਪਣੇ ਪਤੀ ਨਾਲ ਸਹੁਰੀਂ ਜਾਂਦੀ ਤਾਂ ਸਹੁਰੇ ਪਿੰਡ ਦੇ ਨੇੜੇ ਪਹੁੰਚ ਕੇ ਪਤੀ ਆਪਣੀ ਵਹੁਟੀ ਨੂੰ ਘੁੰਡ ਕੱਢਣ ਲਈ ਕਹਿੰਦਾ :
ਘੁੰਡ ਕੱਢ ਲੈ ਪਤਲੀਏ ਨਾਰੇ,
ਸਹੁਰਿਆਂ ਦਾ ਪਿੰਡ ਆ ਗਿਆ…
ਮੁਕਲਾਵੇ ਆਈ ਸਜ-ਵਿਆਹੀ ਮੁਟਿਆਰ ਹਾਰ-ਸ਼ਿੰਗਾਰ ਲਾ ਕੇ ਰੱਤੇ ਪੀੜੇ ‘ਤੇ ਘੁੰਡ ਕੱਢ ਕੇ ਬੈਠ ਜਾਂਦੀ। ਆਂਢ-ਗੁਆਂਢ ਤੇ ਸ਼ਰੀਕੇ ਕਬੀਲੇ ਦੀਆਂ ਔਰਤਾਂ ਵਹੁਟੀ ਨੂੰ ਦੇਖਣ ਲਈ ਵਹੀਰਾਂ ਘੱਤ ਕੇ ਆ ਜਾਂਦੀਆਂ। ਪਿੰਡ ਦੀਆਂ ਕੁੜੀਆਂ ਦੇ ਝੁਰਮਟ ਵਿਚ ਘਿਰੀ ਹੋਈ ਸ਼ਰਮਾਕਲ ਜਿਹੀ ਮੁਟਿਆਰ ਦਾ ਘੁੰਡ ਚੁੱਕ-ਚੁੱਕ ਕੇ ਔਰਤਾਂ ਵਾਰੀ-ਵਾਰੀ ਉਸ ਦਾ ਮੂੰਹ ਦੇਖਦਖੀਆਂ :
ਨਵੀਂ ਬਹੂ ਮੁਕਲਾਵੇ ਆਈ, ਬਹਿ ਗਈ ਪੀੜ੍ਹਾਂ ਡਾਹ ਕੇ,
ਲਹਿੰਗਾ ਜਾਮਨੀ ਕੁੜਤੀ ਵਰੀ ਦੀ, ਬਹਿ ਗਈ ਚੌਂਕ ਚੰਦ ਪਾ ਕੇ,
ਪਿੰਡ ਦੀਆਂ ਕੁੜੀਆਂ ਚਾਵਾਂ ਮੱਤੀਆਂ ਆਈਆਂ ਹੁੰਮ ਹੁੰਮਾ ਕੇ,
ਨਵੀਂ ਵਿਆਹੁਲੀ ਨੂੰ ਸਭ ਦੇਖਣ ਘੁੰਡ ਚੁਕਾ …
ਚਾਂਭਲਿਆ ਹੋਇਆ ਸ਼ਰਾਰਤੀ ਦਿਉਰ ਵੀ ਪਿੱਛੇ ਨਾ ਰਹਿੰਦਾ। ਉਹ ਨਵੀਂ ਭਾਬੀ ਨੂੰ ਮੂੰਹ ਦਿਖਾਈ ਦਾ ਇਕ ਰੁਪਈਆ ਦੇ ਕੇ ਕਹਿੰਦਾ :
ਘੁੰਡ ਚੁੱਕ ਮੁੱਖੜਾ ਦਿਖਾਦੇ ਭਾਬੀਏ,
ਵਿਹੜੇ ਨੂੰ ਚਾਰ ਚੰਨ ਲਾ ਦੇ ਭਾਬੀਏ…
ਭਾਬੀ ਉਸ ਨੂੰ ਖਿਝਾਉਂਦੀ ਹੋਈ ਨਾਂਹ-ਨੁੱਕਰ ਕਰਨ ਲੱਗਦੀ ਪਰ ਸ਼ੈਤਾਨ ਦਿਉਰ ਭਾਬੀ ਦਾ ਮੂੰਹ ਦੇਖ ਕੇ ਹੀ ਖਹਿੜਾ ਛੱਡਦਾ :
ਛੋਟਾ ਦਿਉਰ ਚਾਂਬੜਾਂ ਪਾਵੇ,
ਭਾਬੀ ਮੈਨੂੰ ਘੁੰਡ ਚੁੱਕਦੇ…

(ਚਲਦਾ)

Check Also

ਪਰਵਾਸੀ ਨਾਮਾ

TORONTO SNOWFALL ਲੱਗੀ Break ਸੀ ਹਫ਼ਤੇ ਦੇ ਦਿਨ ਪਹਿਲੇ, Toronto ਸ਼ਹਿਰ ਨੇ ਫੜੀ ਰਫ਼ਤਾਰ ਹੈ …