ਚੰਡੀਗੜ੍ਹ ਵਿਚ ‘ਪੰਜਾਬ ਲੋਕ ਕਾਂਗਰਸ’ ਪਾਰਟੀ ਦੇ ਦਫਤਰ ਦਾ ਕੀਤਾ ਉਦਘਾਟਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਮਿਲ ਕੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਅਤੇ ਕੈਪਟਨ ਨੇ ਨਵੀਂ ਬਣਾਈ ਸਿਆਸੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੇ ਦਫਤਰ ਦਾ ਚੰਡੀਗੜ੍ਹ ਵਿਚ ਉਦਘਾਟਨ ਵੀ ਕਰ ਦਿੱਤਾ। ਇਸ ਮੌਕੇ ਕੈਪਟਨ ਅਮਰਿੰਦਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਬੰਧੀ ਅਮਿਤ ਸ਼ਾਹ ਨਾਲ ਗੱਲਬਾਤ ਵੀ ਕਰ ਲਈ ਹੈ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਅਜੇ ਤੱਕ ਗੱਲਬਾਤ ਹੋਣੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਡਾ ਉਦੇਸ਼ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣਾ ਹੈ ਅਤੇ ਅਸੀਂ ਜਿੱਤਾਂਗੇ ਵੀ। ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਅਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲ ਮਿਲ ਕੇ ਸਰਕਾਰ ਬਣਾਵਾਂਗੇ। ਕੈਪਟਨ ਨੇ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਡੀ ਪੂਰੀ ਤਿਆਰੀ ਹੈ। ਇਸ ਮੌਕੇ ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕੀਤੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਆਪਣੇ ਕਾਰਜਕਾਲ ਦੌਰਾਨ 92 ਫੀਸਦੀ ਵਾਅਦੇ ਪੂਰੇ ਹਨ ਅਤੇ ਉਨ੍ਹਾਂ ਮੌਜੂਦਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਡਰਾਮਾਕਾਰੀ ਸਰਕਾਰੀ ਦੱਸਿਆ। ਕੈਪਟਨ ਅਮਰਿੰਦਰ ਨੇ ਇਹ ਵੀ ਦੱਸਿਆ ਕਿ ਅਮਿਤ ਸ਼ਾਹ ਵੀ ਕਹਿ ਚੁੱਕੇ ਹਨ ਕਿ ਉਹ ਕੈਪਟਨ ਅਮਰਿੰਦਰ ਅਤੇ ਢੀਂਡਸਾ ਦੀ ਪਾਰਟੀ ਨਾਲ ਚੋਣ ਗਠਜੋੜ ਕਰਨਗੇ। ਅਮਰਿੰਦਰ ਨੇ ਕਿਹਾ ਕਿ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਪਿਛਲੇ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਢਾਂਚਾ ਖੜ੍ਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸੀ ਮੈਨੀਫੈਸਟੋ ਦੇ 92 ਫੀਸਦੀ ਵਾਅਦੇ ਤਾਂ ਉਨ੍ਹਾਂ ਨੇ ਹੀ ਪੂਰੇ ਕੀਤੇ ਹਨ। ਉਨ੍ਹਾਂ ਨੂੰ ਤਾਂ ਕਾਂਗਰਸ ਸਰਕਾਰ ਦੇ ਇਸ਼ਤਿਹਾਰ ਦੇਖ ਕੇ ਹੈਰਾਨੀ ਹੁੰਦੀ ਹੈ ਜੋ ਮਹਿਜ਼ ਡਰਾਮਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦੋ ਮਹੀਨਿਆਂ ਵਿਚ ਹੀ ਭ੍ਰਿਸ਼ਟਾਚਾਰ ਵਧ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹੁਣ ਤਾਂ ਉਹ ਤਿੰਨ ਮਹੀਨਿਆਂ ਤੋਂ ਬੈਠੇ ਹਨ, ਐੱਸ.ਟੀ.ਐਫ ਦੀ ਰਿਪੋਰਟ ਅਦਾਲਤ ਵਿਚ ਖੁੱਲ੍ਹਵਾ ਲੈਣ, ਕੌਣ ਉਨ੍ਹਾਂ ਨੂੰ ਰੋਕ ਰਿਹਾ ਹੈ। ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਜੇਕਰ ਪਾਰਟੀ ਆਪਣੀ ਸਥਿਤੀ ਮਜ਼ਬੂਤ ਦੱਸ ਰਹੀ ਹੈ ਤਾਂ ਉਨ੍ਹਾਂ ਦੇ ਵਿਧਾਇਕ ਮੈਦਾਨ ਛੱਡ ਕੇ ਕਿਉਂ ਭੱਜ ਰਹੇ ਹਨ। ਇਸੇ ਦੌਰਾਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਚੋਂ ਸਿਰਫ ਅਮਰਿੰਦਰ ਸਿੰਘ ਹੀ ਅਗਲੀ ਚੋਣ ਲੜਣਗੇ।
ਕੈਪਟਨ ਨਾਲ ਨਜ਼ਰ ਨਹੀਂ ਆਇਆ ਕੋਈ ਵੱਡਾ ਚਿਹਰਾ
ਮੁੱਖ ਦਫ਼ਤਰ ਖੋਲ੍ਹੇ ਜਾਣ ਸਮੇਂ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ‘ਚੋਂ ਆਇਆ ਕੋਈ ਵੱਡਾ ਚਿਹਰਾ ਨਹੀਂ ਦਿਖਿਆ। ਕੋਈ ਸਾਬਕਾ ਵਿਧਾਇਕ ਜਾਂ ਮੰਤਰੀ ਵੀ ਨਹੀਂ ਆਇਆ। ਰਣਇੰਦਰ ਸਿੰਘ ਤੋਂ ਇਲਾਵਾ ਅਮਰਿੰਦਰ ਸਿੰਘ ਦੀ ਬੇਟੀ ਵੀ ਮੌਕੇ ‘ਤੇ ਹਾਜ਼ਰ ਸਨ। ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਦੇ 9 ਸੈਕਟਰ ਵਿਚ ਆਪਣਾ ਦਫ਼ਤਰ ਖੋਲ੍ਹਿਆ ਗਿਆ ਹੈ।
ਭਾਜਪਾ ਨਾਲ ਗੱਠਜੋੜ ਲਈ ਢੀਂਡਸਾ ਗਰੁੱਪ ਸਹਿਮਤ ਨਹੀਂ!
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਬਹੁਤੇ ਆਗੂਆਂ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨਾਲ ਸਾਂਝ ਖਿਲਾਫ਼ ਨਿੱਤਰਨ ਕਾਰਨ ਗੱਠਜੋੜ ਸਬੰਧੀ ਫੈਸਲਾ ਸਿਰੇ ਨਾ ਚੜ੍ਹ ਸਕਿਆ। ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਤੋਂ ਬਾਅਦ ਵਿਵਾਦਤ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ ਪਰ ਭਾਜਪਾ ਲਈ ਸੂਬੇ ਦਾ ਸਿਆਸੀ ਮਾਹੌਲ ਹਾਲ ਦੀ ਘੜੀ ਸਾਜ਼ਗਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਦਿਹਾਤੀ ਖੇਤਰ ਨਾਲ ਸਬੰਧਤ ਲੋਕਾਂ ਦੇ ਮਨਾਂ ਅੰਦਰ ਭਾਜਪਾ ਪ੍ਰਤੀ ਨਫਰਤ ਭਰੀ ਪਈ ਹੈ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਭਾਜਪਾ ਨਾਲ ਸਾਂਝ ਪਾਉਣ ਦਾ ਲਾਭ ਨਹੀਂ, ਸਗੋਂ ਨੁਕਸਾਨ ਹੋ ਸਕਦਾ ਹੈ। ਢੀਂਡਸਾ ਨੇ ਆਗੂਆਂ ਵੱਲੋਂ ਰੱਖੇ ਇਨ੍ਹਾਂ ਸੁਝਾਵਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਹੜੀਆਂ ਹਮਖਿਆਲ ਪਾਰਟੀਆਂ ਨਾਲ ਸਾਂਝ ਪਾਈ ਜਾਣੀ ਹੈ, ਇਸ ਸਬੰਧੀ ਵਿਚਾਰ ਚਰਚਾ ਲਈ ਆਉਂਦੇ ਦਿਨਾਂ ‘ਚ ਇਕ ਹੋਰ ਮੀਟਿੰਗ ਸੱਦੀ ਜਾਵੇਗੀ। ਉਂਜ ਪਾਰਟੀ ਨੇ ਅਹਿਮ ਫੈਸਲੇ ਲੈਣ ਦਾ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਸੌਂਪ ਦਿੱਤਾ ਹੈ। ਪਾਰਟੀ ਸੂਤਰਾਂ ਮੁਤਾਬਕ ਅੰਦਰੂਨੀ ਵਿਰੋਧ ਕਾਰਨ ਭਾਜਪਾ ਨਾਲ ਗੱਠਜੋੜ ਦੇ ਆਸਾਰ ਮੱਧਮ ਪੈ ਗਏ ਹਨ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …