ਓਨਟਾਰੀਓ/ਬਿਊਰੋ ਨਿਊਜ਼ : ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਅਧਿਆਪਕਾਂ ਲਈ ਆਪਣੀ ਅਜੀਬ ਮਾਸਕ ਪਾਲਿਸੀ ਲਿਆਉਣ ਤੋਂ ਟਸ ਤੋਂ ਮਸ ਨਹੀਂ ਹੋ ਰਿਹਾ। ਜਿਹੜੇ ਅਧਿਆਪਕ ਐਨ 95 ਵਰਗੇ ਵਧੇਰੇ ਪ੍ਰੋਟੈਕਟਿਵ ਮਾਸਕ ਪਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਵਧੇਰੇ ਪ੍ਰੋਟੈਕਸ਼ਨ ਲਈ ਅਧਿਆਪਕ ਕਲਾਸਾਂ ਵਿੱਚ ਐਨ 95 ਵਰਗੇ ਮਾਸਕ ਪਾਉਣਾ ਚਾਹੁੰਦੇ ਹਨ ਪਰ ਯੌਰਕ ਪਬਲਿਕ ਬੋਰਡ ਵੱਲੋਂ ਤਿੰਨ ਅਧਿਆਪਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਹ ਅਜਿਹਾ ਕਰਨਗੇ ਤਾਂ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਬੋਰਡ ਵੱਲੋਂ ਜਾਰੀ ਕੀਤੇ ਜਾਣ ਵਾਲੇ ਘੱਟ ਪ੍ਰੋਟੈਕ;ਨ ਵਾਲੇ ਨੀਲੇ ਰੰਗ ਦੇ ਸਰਜੀਕਲ ਮਾਸਕ ਪਾਉਣ ਦੀ ਹੀ ਅਧਿਆਪਕਾਂ ਨੂੰ ਇਜਾਜਤ ਹੈ।
ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਦੇ ਬੁਲਾਰੇ ਨੇ ਆਖਿਆ ਕਿ ਉਹ ਕਿਸੇ ਵਿਅਕਤੀਗਤ ਕੇਸ ਬਾਰੇ ਗੱਲ ਨਹੀਂ ਕਰ ਸਕਦੇ ਫਿਰ ਵੀ ਸਟਾਫ ਤੇ ਵਿਦਿਆਰਥੀਆਂ ਦੀ ਸਿਹਤ ਤੇ ਸੇਫਟੀ ਲਈ ਸਾਰੇ ਸਟਾਫ ਮੈਂਬਰਾਂ ਤੋਂ ਰੈਗੂਲੇਟਿੰਗ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ( ਪੀ ਪੀ ਈ ) ਦੀ ਵਰਤੋਂ ਕਰਨ ਦੀ ਹੀ ਉਮੀਦ ਕੀਤੀ ਜਾਂਦੀ ਹੈ।
ਇੱਕ ਐਲੀਮੈਂਟਰੀ ਟੀਚਰ ਨੇ ਦੱਸਿਆ ਕਿ ਉਸ ਕੋਲ ਉਹ ਬੱਚੇ ਪੜ੍ਹਨ ਆਉਂਦੇ ਹਨ ਜਿਨ੍ਹਾਂ ਦੀ ਨਿੱਕੀ ਉਮਰ ਕਾਰਨ ਵੈਕਸੀਨੇਸ਼ਨ ਨਹੀਂ ਹੋਈ ਤੇ ਅਜਿਹੇ ਵਿੱਚ ਉੱਚ ਕੁਆਲਿਟੀ ਦਾ ਮਾਸਕ ਪਾਉਣ ਨਾਲ ਸਾਰਿਆਂ ਦਾ ਹੀ ਬਚਾਅ ਹੋ ਸਕਦਾ ਹੈ। ਪਰ ਉਨ੍ਹਾਂ ਦੇ ਪ੍ਰਿੰਸੀਪਲ ਤੇ ਬੋਰਡ ਨੇ ਉਨ੍ਹਾਂ ਨੂੰ ਆਖਿਆ ਕਿ ਜਿਹੜੇ ਸਰਜੀਕਲ ਮਾਸਕ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ ਹਨ ਉਹੀ ਪਾਏ ਜਾਣ। ਉਨ੍ਹਾਂ ਨੂੰ ਇਹ ਧਮਕੀ ਵੀ ਦਿੱਤੀ ਗਈ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਨੂੰ ਫੌਰੀ ਸਸਪੈਂਡ ਕਰ ਦਿੱਤਾ ਜਾਵੇਗਾ।