ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਵੱਲੋਂ ਪੰਜਾਬ ਅਸੈਂਬਲੀ ਦੀਆਂ ਅਗਾਮੀ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਲੜਨ ਦੇ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਬਿਆਨ ਨੇ ਕਾਂਗਰਸੀ ਵਿਹੜੇ ਦੇ ਰੰਗ ਵਿਚ ਭੰਗ ਪਾ ਦਿੱਤੀ ਹੈ, ਜਿਸ ਨਾਲ ਕੌਮੀ ਪੱਧਰ ‘ਤੇ ਵੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਦਲਿਤ ਤੇ ਸਿੱਖ ਚਿਹਰੇ ਨੂੰ ਸੌਂਪ ਕੇ ਜੋ ਵੱਡਾ ਸਿਆਸੀ ਪੈਂਤੜਾ ਖੇਡਿਆ ਸੀ, ਉਸ ‘ਤੇ ਹਰੀਸ਼ ਰਾਵਤ ਦੇ ਉਪਰੋਕਤ ਬਿਆਨ ਨੇ ਪਾਣੀ ਫੇਰ ਦਿੱਤਾ ਹੈ। ਹਰੀਸ਼ ਰਾਵਤ ਵੱਲੋਂ ਬੇਮੌਕਾ ਦਾਗੇ ਇਸ ਬਿਆਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲੇ ਦਿਨ ਹੀ ਸਿਆਸੀ ਕਿਰਕਿਰੀ ਕਰਾ ਦਿੱਤੀ। ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਬਿਆਨ ਨੂੰ ਲੈ ਕੇ ਫ਼ੌਰੀ ਕਾਂਗਰਸ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ। ਸਾਰੇ ਵਿਰੋਧੀ ਆਗੂ ਇਕਸੁਰ ਰਹੇ ਕਿ ਜੇਕਰ ਅਗਾਮੀ ਚੋਣਾਂ ਨਵਜੋਤ ਸਿੱਧੂ ਦੀ ਅਗਵਾਈ ਵਿਚ ਲੜੀਆਂ ਜਾਣੀਆਂ ਹਨ ਤਾਂ ਫਿਰ ਕਾਂਗਰਸ ਵੱਲੋਂ ਦਲਿਤ ਮੁੱਖ ਮੰਤਰੀ ਸਿਰਫ ਦਲਿਤ ਵੋਟਾਂ ਲੈਣ ਲਈ ਹੀ ਬਣਾਇਆ ਗਿਆ ਹੈ। ਵਿਰੋਧੀਆਂ ਨੇ ਨਿਸ਼ਾਨਾ ਸਾਧਿਆ ਕਿ ਕਾਂਗਰਸ ਚਰਨਜੀਤ ਚੰਨੀ ਨੂੰ ਕੇਵਲ ਪੰਜ ਮਹੀਨੇ ਲਈ ਮੁੱਖ ਮੰਤਰੀ ਬਣਾ ਕੇ ਦਲਿਤ ਵਰਗ ਨਾਲ ਧੋਖਾ ਕਰ ਰਹੀ ਹੈ। ਹਾਈਕਮਾਨ ਵੱਲੋਂ ਦਲਿਤ ਮੁੱਖ ਮੰਤਰੀ ਐਲਾਨ ਕੇ ਜੋ ਵਿਰੋਧੀ ਖੇਮੇ ਵਿਚ ਸੁੰਨ ਵਰਤਾਈ ਗਈ ਸੀ, ਉਸ ਦੀ ਹਰੀਸ਼ ਰਾਵਤ ਦੀ ਬੇਲੋੜੀ ਸਿਆਸੀ ਤਾਲ ਨੇ ਫੂਕ ਕੱਢ ਦਿੱਤੀ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੌਕਾ ਸੰਭਾਲਿਆ ਅਤੇ ਕਿਹਾ ਕਿ ਹਰੀਸ਼ ਰਾਵਤ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਦਾ ਇਹ ਬਿਆਨ ਠੀਕ ਨਹੀਂ ਹੈ।
ਇਸ ਨਾਲ ਨਾ ਕੇਵਲ ਮੁੱਖ ਮੰਤਰੀ ਦੀ ਅਥਾਰਿਟੀ ਨੂੰ ਘਟਾ ਕੇ ਦਰਸਾਉਣ ਵਾਲੀ ਗੱਲ ਜਾਪੇਗੀ ਬਲਕਿ ਉਨ੍ਹਾਂ ਮਨੋਰਥਾਂ ‘ਤੇ ਵੀ ਇਹ ਬਿਆਨਬਾਜ਼ੀ ਸਵਾਲੀਆ ਨਿਸ਼ਾਨ ਲਾ ਰਹੀ ਹੈ, ਜਿਨ੍ਹਾਂ ਮਕਸਦਾਂ ਲਈ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ। ਵੇਰਵਿਆਂ ਅਨੁਸਾਰ ਜਦੋਂ ਹਰੀਸ਼ ਰਾਵਤ ਦੇ ਇਸ ਬਿਆਨ ਦਾ ਅਸਰ ਕੌਮੀ ਸਿਆਸਤ ਤੱਕ ਜਾ ਪੁੱਜਿਆ ਅਤੇ ਵਿਰੋਧੀਆਂ ਨੂੰ ਕਾਂਗਰਸ ਦੀ ਜ਼ੁਬਾਨਬੰਦੀ ਕਰਨ ਦਾ ਮੌਕਾ ਮਿਲ ਗਿਆ ਤਾਂ ਫੌਰੀ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸਥਿਤੀ ਨੂੰ ਸੰਭਾਲਿਆ। ਸੁਰਜੇਵਾਲਾ ਨੇ ਸਪੱਸ਼ਟ ਕੀਤਾ ਕਿ ਅਗਾਮੀ ਪੰਜਾਬ ਚੋਣਾਂ ਵਿਚ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੋਵੇਂ ਹੀ ਕਾਂਗਰਸ ਦਾ ਚਿਹਰਾ ਹੋਣਗੇ।
ਮੀ-ਟੂ ਮਾਮਲੇ ‘ਚ ਕੌਮੀ ਮਹਿਲਾ ਕਮਿਸ਼ਨ ਨੇ ਚੰਨੀ ਦਾ ਮੰਗਿਆ ਅਸਤੀਫਾ
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਚਮਕੌਰ ਸਾਹਿਬ ਤੋਂ ਵਿਧਾਇਕ ‘ਤੇ ਲੱਗੇ ‘ਮੀ-ਟੂ ਦੇ ਦੋਸ਼ਾਂ’ ਦੇ ਹਵਾਲੇ ਨਾਲ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਰੇਖਾ ਸ਼ਰਮਾ ਨੇ ਇਕ ਬਿਆਨ ਵਿੱਚ ਕਿਹਾ ਕਿ ਅਜਿਹੇ ਸ਼ਖ਼ਸ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕੀਤੇ ਜਾਣਾ ‘ਸ਼ਰਮਨਾਕ’ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਪੰਜਾਬ ਦਾ ਸੀਐੱਮ ਨਿਯਕੁਤ ਕਰਨਾ ਸ਼ਰਮਨਾਕ ਤੇ ਇਤਰਾਜ਼ਯੋਗ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਮਹਿਲਾ ਨੂੰ ਉਸੇ ਤਜ਼ਰਬੇ ਤੇ ਜ਼ਿਆਦਤੀ ‘ਚੋਂ ਲੰਘਣਾ ਪਏ, ਜੋ ਇਕ ਮਹਿਲਾ ਆਈਏਐੱਸ ਅਫ਼ਸਰ ਨੂੰ ਝੱਲਣੀ ਪਈ ਸੀ। ਚੰਨੀ ਦੀ ਜਵਾਬਦੇਹੀ ਨਿਰਧਾਰਿਤ ਕੀਤੇ ਜਾਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।