ਕੇਂਦਰ ਦੀਆਂ ਚੂਲਾਂ ਹਿਲਾਉਣ ਲਈ ‘ਭਾਰਤ ਬੰਦ’ ਸਫ਼ਲ ਬਣਾਇਆ ਜਾਵੇ : ਬਲਬੀਰ ਸਿੰਘ ਰਾਜੇਵਾਲ
ਮੁਹਾਲੀ/ਬਿਊਰੋ ਨਿਊਜ਼ : ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੁਹਾਲੀ ‘ਚ ਕਿਸਾਨ ਮਹਾਪੰਚਾਇਤ ਕੀਤੀ ਗਈ, ਜਿਸ ਵਿੱਚ ਪੰਜਾਬ ਸਮੇਤ ਹਰਿਆਣਾ ਅਤੇ ਹੋਰ ਨੇੜਲੇ ਇਲਾਕਿਆਂ ਦੇ ਕਿਸਾਨਾਂ ਸਣੇ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੁਹਾਲੀ ਦੇ ਵਾਈਪੀਐੱਸ ਚੌਕ ਫੇਜ਼-8 ਨੇੜੇ ਪੁੱਡਾ ਗਰਾਊਂਡ ਵਿੱਚ ਐਤਵਾਰ ਨੂੰ ਸਵੇਰੇ ਹੀ ਪੰਜਾਬ ਭਰ ‘ਚੋਂ ਕਿਸਾਨ, ਬੀਬੀਆਂ ਅਤੇ ਨੌਜਵਾਨ ਵੱਡੇ ਕਾਫ਼ਲਿਆਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਦੁਪਹਿਰ 12 ਵਜੇ ਤੱਕ ਵੱਡੀ ਗਿਣਤੀ ਜਮ੍ਹਾਂ ਹੋ ਗਈ।
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ, ਬੀਬੀਆਂ ਅਤੇ ਨੌਜਵਾਨਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਚੂਲਾਂ ਹਿਲਾਉਣ ਲਈ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਣਾਇਆ ਜਾਵੇ ਅਤੇ ਇਸ ਸਬੰਧੀ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ, ਕਿਸਾਨਾਂ ਤੇ ਆਮ ਲੋਕਾਂ ਸਮੇਤ ਵਪਾਰੀ ਵਰਗ, ਛੋਟੇ ਕਾਰੋਬਾਰੀਆਂ ਨੂੰ ਲਾਮਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅੱਧੀ ਤੋਂ ਵੱਧ ਲੜਾਈ ਜਿੱਤ ਲਈ ਹੈ ਅਤੇ ਕਿਸਾਨ ਤਿੰਨੋਂ ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਮੁੜਨਗੇ।
ਸੋਨੀਆ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਪੂਰੇ ਸੰਸਾਰ ਨੂੰ ਨਵੀਂ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਵਿੱਚ ਬੀਬੀਆਂ ਦਾ ਅਹਿਮ ਰੋਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੀਬੀਆਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਗੀਆਂ। ਹਰਮਨਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਬੀਬੀਆਂ ਦਾ ਘਰਾਂ ‘ਚੋਂ ਬਾਹਰ ਨਿਕਲ ਕੇ ਧਰਨਿਆਂ ‘ਤੇ ਬੈਠਣਾ ਨਵੇਂ ਇਨਕਲਾਬ ਦੀ ਸ਼ੁਰੂਆਤ ਹੈ।
ਉਨ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਜਦੋਂ ਵੀ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਜਾਣ ਤਾਂ ਵਫ਼ਦ ਵਿੱਚ ਘੱਟੋ-ਘੱਟ 5-7 ਬੀਬੀਆਂ ਵੀ ਜ਼ਰੂਰ ਸ਼ਾਮਲ ਕੀਤੀਆਂ ਜਾਣ। ਕਿਉਂਕਿ ਪਿੰਡਾਂ ਵਿੱਚ ਸਿਆਸੀ ਆਗੂਆਂ ਨੂੰ ਬੀਬੀਆਂ ਸਾਫ਼ ਦਿਲ ਨਾਲ ਸਵਾਲ ਪੁੱਛਦੀਆਂ ਹਨ।
ਇਸ ਮੌਕੇ ਗੌਰਵ ਟਿਕੈਤ, ਸਮਾਜਿਕ ਚਿੰਤਕ ਪ੍ਰੋ.ਮਨਜੀਤ ਸਿੰਘ, ਪ੍ਰੋ. ਪਿਆਰੇ ਲਾਲ ਗਰਗ, ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ, ਬਲਦੇਵ ਸਿੰਘ ਸਿਰਸਾ, ਰੁਲਦੂ ਸਿੰਘ ਮਾਨਸਾ, ਹਰਵਿੰਦਰ ਸਿੰਘ ਲੱਖੋਵਾਲ, ਸੋਨੀਆ ਮਾਨ, ਹਰਮਨਪ੍ਰੀਤ ਕੌਰ ਵਿਰਕ, ਜਗਜੀਤ ਸਿੰਘ ਡੱਲੇਵਾਲ, ਮਨਦੀਪ ਸਿੰਘ, ਕੰਵਲਜੀਤ ਸਿੰਘ, ਲਖਵਿੰਦਰ ਸਿੰਘ ਕਰਾਲਾ, ਕਿਸਾਨ ਯੂਨੀਅਨ ਡਕੌਂਦਾ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਹਮੀਰ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੌਦ, ਪ੍ਰਤੀਕ ਮਾਨ ਅਤੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਲੋੜ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜ਼ਿੱਦ ਛੱਡ ਕੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ ਅਤੇ ਭਾਜਪਾ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨਾਲ ਵਿਗਾੜ ਕੇ ਕੋਈ ਵੀ ਸਿਆਸੀ ਧਿਰ ਕਾਮਯਾਬ ਨਹੀਂ ਹੋਈ ਅਤੇ ਨਾ ਹੀ ਹੋ ਸਕਦੀ ਹੈ।
ਕਿਸਾਨ ਅੰਦੋਲਨ ਜਿੰਨਾ ਲੰਮਾ ਚੱਲੇਗਾ, ਭਾਜਪਾ ਨੂੰ ਇਸ ਦਾ ਓਨਾ ਹੀ ਵੱਧ ਨੁਕਸਾਨ ਝੱਲਣਾ ਪਵੇਗਾ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਗੁਰਮੀਤ ਸਿੰਘ ਕੰਡਾਲਾ ਅਤੇ ਜਤਿੰਦਰ ਸਿੰਘ ਰਾਏਪੁਰ ਕਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੰਚ ‘ਤੇ ਸਨਮਾਨਿਤ ਕੀਤਾ ਗਿਆ।
ਸੜਕਾਂ ਕਿਸਾਨਾਂ ਨੇ ਨਹੀਂ, ਦਿੱਲੀ ਪੁਲਿਸ ਨੇ ਰੋਕੀਆਂ : ਕਿਸਾਨ ਆਗੂ
ਕਿਸਾਨ ਸੋਨੀਪਤ ਪ੍ਰਸ਼ਾਸਨ ਦੀ ਮੀਟਿੰਗ ‘ਚ ਨਹੀਂ ਹੋਏ ਸ਼ਾਮਲ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੋਨੀਪਤ ਪ੍ਰਸ਼ਾਸਨ ਵੱਲੋਂ ਕਿਸਾਨ ਮੋਰਚਿਆਂ ਕਰਕੇ ਬੰਦ ਪਈ ਸੜਕਾਂ ਨੂੰ ਖੋਲ੍ਹਣ ਲਈ ਮੂਰਥਲ ਵਿੱਚ ਰੱਖੀ ਮੀਟਿੰਗ ‘ਚ ਸ਼ਾਮਲ ਨਹੀਂ ਹੋਏ। ਕਿਸਾਨ ਆਗੂਆਂ ਨੇ ਤਰਕ ਦਿੱਤਾ ਕਿ ਸੜਕਾਂ ਕਿਸਾਨਾਂ ਨੇ ਨਹੀਂ ਸਗੋਂ ਦਿੱਲੀ ਪੁਲਿਸ ਨੇ ਆਵਾਜਾਈ ਲਈ ਰੋਕੀਆਂ ਹੋਈਆਂ ਹਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਤਰਕ ਦਿੱਤਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਗ਼ਲਤ ਅਰਥਾਂ ਵਿੱਚ ਲਿਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੇ ਅੰਦੋਲਨ ਨੂੰ ਇਸ ਤਜਵੀਜ਼ਤ ਮੀਟਿੰਗ ਵਿੱਚ ਖਿੱਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 23 ਅਗਸਤ ਦੇ ਆਪਣੇ ਹੁਕਮਾਂ ਵਿੱਚ ਭਾਰਤ ਦੇ ਸੌਲੀਸਿਟਰ ਜਨਰਲ ਨੂੰ ਕਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਕੇਂਦਰ ਅਤੇ ਸਬੰਧਤ ਰਾਜ ਸਰਕਾਰਾਂ ਦੇ ਹੱਥ ਵਿੱਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕਰਨ ‘ਤੇ ਅੜੀ ਹੋਈ ਹੈ ਤੇ ਇਸ ਸਾਲ 22 ਜਨਵਰੀ ਮਗਰੋਂ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਦੀ ਹੈ ਕਿ ਇਸ ਮਸਲੇ ਦਾ ਹੱਲ ਕਿੱਥੇ ਹੈ, ਪਰ ਉਹ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਆਪਣੇ ਅੜੀਅਲ ਰਵੱਈਏ ਨੂੰ ਛੱਡਣ ਲਈ ਤਿਆਰ ਨਹੀਂ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਮੋਰਚੇ ਲਾ ਕੇ ਆਪ ਨਹੀਂ ਡਟੇ ਬਲਕਿ ਹਰਿਆਣਾ ਤੇ ਦਿੱਲੀ ਪੁਲਿਸ ਨੇ ਖੁਦ ਬੈਰੀਕੇਡਿੰਗ ਕਰਕੇ ਸੜਕਾਂ ਨੂੰ ਰੋਕਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਵਾਜਾਈ ਨੂੰ ਅੱਗੇ ਵਧਾਉਣ ਲਈ ਸਿੰਘੂ ਬਾਰਡਰ ਦੇ ਨਾਲ-ਨਾਲ ਟਿੱਕਰੀ ਬਾਰਡਰ ਉੱਤੇ ਸੜਕ ਦੇ ਦੋਵੇਂ ਪਾਸੇ ਸਪਸ਼ਟ ਰਸਤੇ ਬਣਾਏ ਹਨ। ਇਹੀ ਨਹੀਂ ਕਿਸਾਨ ਗਾਜ਼ੀਪੁਰ ਬਾਰਡਰ ‘ਤੇ ਸੜਕ ਦੇ ਸਿਰਫ ਇੱਕ ਪਾਸੇ ਧਰਨਾ ਲਾਈ ਬੈਠੇ ਹਨ। ਇਹੀ ਸਥਿਤੀ ਸ਼ਾਹਜਹਾਂਪੁਰ ਬਾਰਡਰ ਤੇ ਹੋਰ ਮੋਰਚਿਆਂ ਦੀ ਹੈ।
ਜਗਜੀਤ ਸਿੰਘ ਡੱਲੇਵਾਲ ਨੇ ਕੇਂਦਰ ਸਰਕਾਰ ਤੇ ਸਬੰਧਤ ਰਾਜ ਸਰਕਾਰਾਂ ਨੂੰ ਯਾਦ ਦਿਵਾਇਆ ਕਿ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਉਨ੍ਹਾਂ ਨੂੰ ਤਾਲਮੇਲ ਲਈ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨ ਯੂਨੀਅਨਾਂ ਨੂੰ ਇਸ ਵਿੱਚ ਬੇਵਜ੍ਹਾ ਘਸੀਟਿਆ ਜਾ ਰਿਹਾ ਹੈ।
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਏਕਤਾ ਦਾ ਸਾਲ ਪੂਰਾ
ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਤੇ ਯੁਧਵੀਰ ਸਿੰਘ ਨੇ ਕਿਹਾ ਕਿ ਸਾਲ ਪਹਿਲਾਂ 19 ਸਤੰਬਰ 2020 ਨੂੰ ਪੰਜਾਬ ਦੇ ਮੋਗਾ ਵਿੱਚ ਮੌਜੂਦਾ ਇਤਿਹਾਸਕ ਕਿਸਾਨ ਸੰਘਰਸ਼ ਦੇ ਬੀਜ ਬੀਜੇ ਗਏ ਸਨ। ਇਸ ਦਿਨ ਵੱਖ-ਵੱਖ ਕਿਸਾਨ ਯੂਨੀਅਨਾਂ, ਜੋ ਮੋਦੀ ਸਰਕਾਰ ਵੱਲੋਂ ਜੂਨ 2020 ਵਿੱਚ ਗੈਰ-ਜਮਹੂਰੀ ਅਤੇ ਗੈਰ-ਸੰਵਿਧਾਨਕ ਢੰਗ ਨਾਲ ਲਿਆਂਦੇ ਗਏ ਕਿਸਾਨ ਵਿਰੋਧੀ, ਕਾਰਪੋਰੇਟ ਪੱਖੀ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਸਨ, ਨੇ ਹੱਥ ਮਿਲਾਉਂਦਿਆਂ ਸਮੂਹਿਕ ਸੰਘਰਸ਼ ਦਾ ਫੈਸਲਾ ਕੀਤਾ ਸੀ। ਪੰਜਾਬ ਦੀਆਂ 32 ਕਿਸਾਨ ਯੂਨੀਅਨਾਂ ਵੱਲੋਂ ਸ਼ੁਰੂ ਕੀਤੇ ਗਏ ਤਾਲਮੇਲ ਵਾਲੇ ਕਾਰਜ ਨੇ ਇੱਕ ਵੱਡੇ ਸਮੁੱਚੇ ਗੱਠਜੋੜ ਦੀ ਨੀਂਹ ਰੱਖੀ ਹੈ।
ਕਿਸਾਨ ਮੋਰਚੇ ਨੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਨਵੀਂ ਸੇਧ ਦਿੱਤੀ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਏਕਤਾ ਦੀ ਵਰ੍ਹੇਗੰਢ ਮਨਾਈ
ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਵਿੱਚ 125 ਥਾਵਾਂ ‘ਤੇ ਜਾਰੀ ਧਰਨਿਆਂ ਦੌਰਾਨ ਜਥੇਬੰਦੀਆਂ ਦੀ ਏਕਤਾ ਦੀ ਵਰ੍ਹੇਗੰਢ ਮਨਾਈ ਗਈ। ਆਗੂਆਂ ਨੇ ਕਿਹਾ ਕਿ ਸੂਬੇ ਤੋਂ ਸ਼ੁਰੂ ਹੋਏ ਸਾਂਝੇ ਸੰਘਰਸ਼ ਨੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਨਵੀਂ ਸੇਧ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਅਤੇ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪਿਛਲੇ ਵਰ੍ਹੇ 19 ਸਤੰਬਰ, 2020 ਨੂੰ ਮੋਗਾ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਦੀਆਂ 32 ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ। ਇਹ ਇਕ ਇਤਿਹਾਸਕ ਕਦਮ ਸੀ, ਜਿਸ ਦੇ ਸਾਰਥਿਕ ਨਤੀਜੇ ਨਿਕਲੇ। ਉਨ੍ਹਾਂ ਕਿਹਾ ਕਿ 500 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਸਾਢੇ 9 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਮੋਰਚੇ ਜਾਰੀ ਹਨ। ਬੁਲਾਰਿਆਂ ਨੇ ਗੁਜਰਾਤ, ਮੱਧ ਪ੍ਰਦੇਸ਼ ਅਤੇ ਹੋਰਨਾਂ ਸੂਬਿਆਂ ਵਿੱਚ ਸਰਕਾਰੀ ਖੇਤੀ ਖਰੀਦ ਮੰਡੀਆਂ ਦੀ ਖਸਤਾ ਹਾਲਤ ਬਾਰੇ ਛਪੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ‘ਤੇ ਰੋਕ ਲੱਗੀ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਜਦੋਂ ਸਰਕਾਰੀ ਅਦਾਰੇ ਦੇ ਮੁਕਾਬਲੇ ਇਕ ਪ੍ਰਾਈਵੇਟ ਅਦਾਰਾ ਖੜ੍ਹਾ ਕਰ ਦਿੱਤਾ ਜਾਂਦਾ ਹੈ ਤਾਂ ਸਰਕਾਰੀ ਨੀਤੀਆਂ ਨਿੱਜੀਕਰਨ ਪੱਖੀ ਹੁੰਦੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕਿਸਾਨ ਜਥੇਬੰਦੀਆਂ ਵਲੋਂ ਸਮੂਹ ਵਰਗਾਂ ਨੂੰ ‘ਭਾਰਤ ਬੰਦ’ ਵਿੱਚ ਸ਼ਮੂਲੀਅਤ ਦਾ ਸੱਦਾ
ਪੰਜਾਬ ਦੇ ਪਿੰਡਾਂ ਵਿੱਚ ਨੁੱਕੜ ਨਾਟਕਾਂ, ਮੀਟਿੰਗਾਂ ਅਤੇ ਮੋਟਰਸਾਈਕਲ ਮਾਰਚਾਂ ਦਾ ਦੌਰ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸੂਬੇ ਦੇ ਹਰ ਤਬਕੇ ਨਾਲ ਸਬੰਧਤ ਲੋਕਾਂ ਨੂੰ ਭਰਵੀਂ ਸ਼ਮੂਲੀਅਤ ਕਰਨ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਭਰ ਵਿੱਚ ਸਵਾ ਸੌ ਤੋਂ ਵੱਧ ਥਾਈਂ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਸੰਬੋਧਨ ਕਰਦਿਆਂ ਆਗੂਆਂ ਨੇ ਵਪਾਰੀਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਸਬਜ਼ੀ ਵਿਕ੍ਰੇਤਾਵਾਂ, ਦੋਧੀਆਂ ਸਮੇਤ ਸਾਰੇ ਵਰਗਾਂ ਨੂੰ ‘ਭਾਰਤ ਬੰਦ’ ਸਫਲ ਬਣਾਉਣ ਦਾ ਸੱਦਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਦੱਸਿਆ ਕਿ 27 ਨੂੰ ਸਵੇਰੇ ਛੇ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਭਾਰਤ ਬੰਦ ਰੱਖਿਆ ਜਾਵੇਗਾ। ਇਸ ਅਰਸੇ ਦੌਰਾਨ ਹਰ ਤਰ੍ਹਾਂ ਦੀਆਂ ਸਰਵ-ਜਨਤਕ ਗਤੀਵਿਧੀਆਂ ਬੰਦ ਰਹਿਣਗੀਆਂ, ਜਿਸ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ, ਸਕੂਲ, ਕਾਲਜ, ਯੂਨੀਵਰਸਿਟੀਆਂ ਆਦਿ ਸਾਰੇ ਦਫਤਰ ਵੀ ਸ਼ਾਮਲ ਹਨ। ਹਸਪਤਾਲਾਂ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸਾਂ ਤੇ ਫਾਇਰਬ੍ਰਿਗੇਡ ਜਿਹੀਆਂ ਐਮਰਜੰਸੀ ਸੇਵਾਵਾਂ ਨੂੰ ਛੋਟ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦੇ ਕਾਫਲੇ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਲਈ ਪਹੁੰਚ ਰਹੇ ਹਨ। ਲੋਕਾਂ ਨੂੰ ਸੰਘਰਸ਼ ਅਤੇ ਮੋਰਚੇ ਦੇ ਪ੍ਰੋਗਰਾਮਾਂ ਲਈ ਲਾਮਬੰਦ ਕਰਨ ਲਈ ਪਿੰਡਾਂ ਵਿੱਚ ਨੁੱਕੜ ਨਾਟਕਾਂ, ਮੀਟਿੰਗਾਂ ਅਤੇ ਮੋਟਰਸਾਈਕਲ ਮਾਰਚਾਂ ਦਾ ਦੌਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਸਮਝਦੇ ਹਨ ਕਿ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2019 ਸਮੇਤ ਪਰਾਲੀ ਆਰਡੀਨੈਂਸ ਕਿਸਾਨਾਂ ਲਈ ਘਾਤਕ ਹਨ। ਇਹ ਸੰਘਰਸ਼ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਦਾ ਸਵਾਲ ਬਣਿਆ ਹੋਇਆ ਹੈ, ਜਿਸ ਕਰਕੇ ਇਹ ਕਾਨੂੰਨ ਰੱਦ ਹੋਣੇ ਜ਼ਰੂਰੀ ਹਨ।
ਪੰਜਾਬ ਦੀ ਜਨਤਾ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰੇਸ਼ਾਨ : ਰਾਜੇਵਾਲ
ਕਿਹਾ – ਅਕਾਲੀ ਦਲ ਤੋਂ ਸੰਘਰਸ਼ਸ਼ੀਲ ਲੋਕਾਂ ਨੂੰ ਤਸੱਲੀਬਖ਼ਸ਼ ਜਵਾਬ ਨਹੀਂ ਮਿਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਕਰਕੇ ਪ੍ਰੇਸ਼ਾਨ ਹਨ ਕਿਉਂਕਿ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਨੂੰ ਅਕਾਲੀ ਆਗੂਆਂ ਤੋਂ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦੇ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਮਿਸਾਲ ਦੇ ਤੌਰ ‘ਤੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਾਪਰੇ ਸੰਵੇਦਨਸ਼ੀਲ ਮਾਮਲੇ ਖਾਸ ਕਰਕੇ ਬੇਅਦਬੀ ਮਾਮਲੇ ਦਾ ਲੋਕਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਨੇ ਸਿਆਸੀ ਪਾਰਟੀਆਂ ਨੂੰ ਇਹ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਤਾਂ ਜੋ ਖੇਤੀ ਕਾਨੂੰਨ ਵਾਪਸੀ ਲਈ ਦਬਾਅ ਬਣ ਸਕੇ। ਇਸ ਦੇ ਉਲਟ ਅਕਾਲੀ ਦਲ ਵਾਲੇ ਹਜੂਮ ਲੈ ਕੇ ਉੱਥੇ ਚਲੇ ਗਏ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਤਾਂ ਕਿਹਾ ਸੀ ਕਿ ਪਾਰਟੀ ਦੇ ਕੁਝ ਲੋਕ ਜਾ ਕੇ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕਰਨ। ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਬੀਬੀ ਬਾਦਲ ਕੋਲ ਆਰਡੀਨੈਂਸ ਪਾਸ ਹੋਣ ਤੋਂ ਪਹਿਲਾਂ ਮੰਤਰੀ ਮੰਡਲ ਦਾ ਏਜੰਡਾ ਪਹੁੰਚ ਗਿਆ ਸੀ। ਇਸ ਲਈ ਉਸ ਨੂੰ ਉਸ ਵੇਲੇ ਵਿਰੋਧ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਤੇ ਵਰਕਰ ਜਦੋਂ ਦਿੱਲੀ ਗਏ ਉਸ ਸਮੇਂ ਆਪਣੀ ਪਾਰਟੀ ਦੇ ਝੰਡੇ ਲੈ ਕੇ ਗਏ ਤੇ ਕਿਸਾਨੀ ਅੰਦੋਲਨ ਦਾ ਕੋਈ ਵੀ ਨਾਅਰਾ ਨਹੀਂ ਲੱਗਿਆ। ਕੇਵਲ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲੱਗੇ ਸਨ।
ਚੰਨੀ ਆਮ ਕਿਸਾਨ ਵਾਂਗ ਧਰਨੇ ‘ਚ ਆਉਣ ਪਰ ਮੰਚ ਸਾਂਝਾ ਕਰਨ ਦੀ ਇਜਾਜ਼ਤ ਨਹੀਂ
ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ‘ਤੇ ਪ੍ਰਤੀਕਿਰਿਆ ਦਿੰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਕਿਸਾਨ ਧਰਨੇ ਵਿੱਚ ਸ਼ਾਮਲ ਹੁੰਦੇ ਹਨ, ਉਹ ਜ਼ਰੂਰ ਆ ਸਕਦੇ ਹਨ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਮੰਚ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਕਿਸਾਨੀ ਅੰਦੋਲਨ ‘ਤੇ ਰਾਜਨੀਤੀ ਦੀ ਪਾਣ ਨਾ ਚੜ੍ਹਨ ਦਿੱਤੀ ਜਾਵੇ : ਅਕਾਲੀ ਆਗੂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ 17 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਅਕਾਲੀ ਵਰਕਰਾਂ ਨੂੰ ਘੇਰ ਦੇ ਅਪਮਾਨਿਤ ਕਰਨ ਪਿੱਛੇ ਸ਼ਰਾਰਤੀ ਤੱਤਾਂ ਦੀ ਸ਼ਮੂਲੀਅਤ ਦੇ ਆਰੋਪ ਲਾਏ ਹਨ। ਇਨ੍ਹਾਂ ਆਗੂਆਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਕਿਹਾ ਕਿ ਕਿਸਾਨੀ ਅੰਦੋਲਨ ‘ਤੇ ਰਾਜਨੀਤੀ ਦੀ ਪਾਣ ਨਾ ਚੜ੍ਹਨ ਦਿੱਤੀ ਜਾਵੇ। ਉਨ੍ਹਾਂ ਰਾਜੇਵਾਲ ਦੀਆਂ ਟਿੱਪਣੀਆਂ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼ਰਾਰਤੀ ਤੱਤਾਂ ਖਿਲਾਫ਼ ਕਾਰਵਾਈ ਨਾ ਕਰਨ ਦਾ ਐਲਾਨ ਕਰਕੇ ਕਿਸਾਨ ਆਗੂ ਨੇ ਚੰਗੀ ਪਿਰਤ ਨਹੀਂ ਪਾਈ। ਅਕਾਲੀ ਦਲ ਦੇ ਇਨ੍ਹਾਂ ਸੀਨੀਅਰ ਆਗੂਆਂ ਨੇ ਸੰਯੁਕਤ ਮੋਰਚੇ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਨਾਮ ਹੇਠ ਅਕਾਲੀ ਅਕਾਲੀਆਂ ਨੂੰ ਅਪਮਾਨਿਤ ਕਰਨ, ਕੁੱਟਣ ਅਤੇ ਲੁੱਟਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਖੁਦ ਮੰਨ ਚੁੱਕੇ ਹਨ ਕਿ ਕਿਸਾਨ ਅੰਦੋਲਨ ਵਿੱਚ ਏਜੰਸੀਆਂ ਦੇ ਬੰਦਿਆਂ ਨੇ ਘੁਸਪੈਠ ਕੀਤੀ ਹੋਈ ਹੈ ਤੇ ਏਜੰਸੀਆਂ ਦੇ ਬੰਦੇ ਅੰਦੋਲਨ ਨੂੰ ਢਾਹ ਲਾਉਣ ਦੇ ਯਤਨ ਕਰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਏਜੰਸੀਆਂ ਅਤੇ ਸ਼ਰਾਰਤੀ ਤੱਤਾਂ ਦੀ ਘੁਸਪੈਠ ਦੀ ਗੱਲ ਮੰਨਦੇ ਹਨ ਤਾਂ ਅਜਿਹੇ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਦੇ ਸਮਾਗਮਾਂ ਵਿੱਚ ਖਲਲ ਪਾਉਣ ਵਾਲੇ ਸ਼ਰਾਰਤੀ ਤੱਤਾਂ ਦੀ ਹਮਾਇਤ ਵਿੱਚ ਕਿਸਾਨ ਜਥੇਬੰਦੀਆਂ ਖੁੱਲ੍ਹ ਕੇ ਸਾਹਮਣੇ ਆ ਜਾਂਦੀਆਂ ਹਨ ਜਦੋਂ ਕਿ ਇਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਜ਼ਰੂਰਤ ਹੈ।
ਚੰਨੀ ਨੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਅਪੀਲ
ਚੰਡੀਗੜ੍ਹ : ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਵੀ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਵਿਵਾਦਤ ਖੇਤੀ ਕਾਨੂੰਨ ਵਾਪਸ ਲਏ ਜਾਣ। ਇਸੇ ਦੌਰਾਨ ਮੁੱਖ ਮੰਤਰੀ ਨੇ ਰੇਤ ਮਾਫੀਆ ਅਤੇ ਬੇਈਮਾਨ ਅਫਸਰਾਂ ਨੂੰ ਵੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਵਿਚ ਵੀ ਹਰੇਕ ਵਿਅਕਤੀ ਨੂੰ ਇਨਸਾਫ ਮਿਲੇਗਾ। ਚੰਨੀ ਨੇ ਸਾਰੇ ਕਰਮਚਾਰੀਆਂ ਨੂੰ ਹੜਤਾਲਾਂ ਬੰਦ ਕਰਕੇ ਆਪਣੇ ਕੰਮਾਂ ‘ਤੇ ਆਉਣ ਦੀ ਅਪੀਲ ਕੀਤੀ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਰਹਿੰਦੇ ਗਰੀਬ ਪਰਿਵਾਰਾਂ ਦਾ ਪਾਣੀ ਦਾ ਬਿੱਲ ਵੀ ਮੁਆਫ ਕੀਤਾ ਜਾਵੇਗਾ ਅਤੇ ਕਿਸੇ ਵੀ ਗਰੀਬ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਚੰਨੀ ਨੇ ਕਿਹਾ ਕਿ ਜਿਹੜੇ ਚੋਣ ਵਾਅਦੇ ਅਜੇ ਤੱਕ ਪੂਰੀ ਨਹੀਂ ਹੋਏ, ਉਨ੍ਹਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਧਿਆਨ ਰਹੇ ਕਿ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰੈਸ ਕਾਨਫਰੰਸ ਵੀ ਕੀਤੀ।