ਹਰਪਾਲ ਸਿੰਘ ਚੀਮਾ, ਸਰਬਜੀਤ ਕੌਰ ਮਾਣੂੰਕੇ, ਬਲਜਿੰਦਰ ਕੌਰ ਤੇ ਅਮਨ ਅਰੋੜਾ ਵੀ ਕਾਰਜਕਾਰਨੀ ‘ਚ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਸਾਲ 2022 ‘ਚ ਪੰਜ ਸੂਬਿਆਂ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਕਾਰਜਕਾਰਨੀ ਵਿੱਚ ਫੇਰਬਦਲ ਕੀਤੀ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ 4 ਵਿਧਾਇਕਾਂ ਨੂੰ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਬਲਜਿੰਦਰ ਕੌਰ ਅਤੇ ਅਮਨ ਅਰੋੜਾ ਦੇ ਨਾਂ ਸ਼ਾਮਲ ਹਨ। ਜਦਕਿ ਭਗਵੰਤ ਮਾਨ ਅਤੇ ਬਲਜਿੰਦਰ ਕੌਰ ਪਹਿਲਾਂ ਵੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਸਨ ਅਤੇ ਹੋਰਨਾਂ ਤਿੰਨਾਂ ਵਿਧਾਇਕਾਂ ਨੂੰ ਹੁਣ ਨਿਯੁਕਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨੇ ਜਾਣ ਕਾਰਨ ਵੀ ਪਾਰਟੀ ਦੇ ਕੁੱਝ ਆਗੂ ਨਾਰਾਜ਼ ਦਿਖਾਈ ਦੇ ਰਹੇ ਹਨ। ਪਾਰਟੀ ਹਾਈ ਕਮਾਂਡ ਨਵੇਂ ਚਿਹਰੇ ਦੀ ਭਾਲ ‘ਚ ਲੱਗੀ ਹੋਈ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੌਰਾਨ ਐਲਾਨ ਕੀਤਾ ਸੀ ਕਿ ਪੰਜਾਬ ‘ਚ ਮੁੱਖ ਮੰਤਰੀ ਸਿੱਖ ਭਾਈਚਾਰੇ ‘ਚੋਂ ਹੋਵੇਗਾ। ‘ਆਪ’ ਨੇ ਅਗਾਮੀ ਚੋਣਾਂ ਨੂੰ ਵੇਖਦਿਆਂ ਰਾਸ਼ਟਰੀ ਕਾਰਜਕਾਰਨੀ ‘ਚ ਫੇਰਬਦਲ ਕਰਦਿਆਂ 34 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਕੇਜਰੀਵਾਲ ਨੂੰ ਰਾਸ਼ਟਰੀ ਸੰਯੋਜਕ ਚੁਣਿਆ ਗਿਆ ਹੈ। ਪਾਰਟੀ ਨੇ ਚੋਣਾਂ ਵਾਲੇ ਪੰਜ ਸੂਬਿਆਂ (ਪੰਜਾਬ, ਉੱਤਰਾਖੰਡ, ਗੁਜਰਾਤ, ਮਹਾਰਾਸ਼ਟਰ ਅਤੇ ਗੋਆ) ਦੇ ਜ਼ਿਆਦਾਤਰ ਆਗੂਆਂ ਨੂੰ ਰਾਸ਼ਟਰੀ ਕਾਰਜਕਾਰਨੀ ਵਿੱਚ ਸ਼ਾਮਲ ਕੀਤਾ ਹੈ। ਦਿੱਲੀ ਦੇ ਕੁਝ ਸੀਨੀਅਰ ਆਗੂਆਂ ਨੂੰ ਮੁੜ ਕਾਰਜਕਾਰਨੀ ਵਿੱਚ ਰੱਖਿਆ ਗਿਆ ਹੈ।