ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਵਿੱਚ ਜਰਮਨੀ ਦੇ ਰਾਜਦੂਤ ਵਾਲਟਰ ਜੇ. ਲਿੰਡਨਰ ਵੱਲੋਂ ਸੂਬੇ ਵਿੱਚ ਮੋਬਿਲਟੀ, ਇੰਜਨੀਅਰਿੰਗ, ਫਾਰਮਾਸਿਊਟੀਕਲ, ਕੈਮੀਕਲਜ਼ ਤੇ ਨਵਿਆਉਣਯੋਗ ਊਰਜਾ ਦੇ ਪ੍ਰਮੁੱਖ ਖੇਤਰਾਂ ਵਿਚ ਨਿਵੇਸ਼ ਲਈ ਦਿਖਾਈ ਦਿਲਚਸਪੀ ਲਈ ਉਨ੍ਹਾਂ ਨੂੰ ਆਪਣੀ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਜਰਮਨੀ ਦੇ ਸਫੀਰ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਸੂਬੇ ਵਿਚ ਕਾਰੋਬਾਰ ਅਤੇ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਤਲਾਸ਼ਣ ਲਈ ਆਪਸੀ ਰਣਨੀਤੀ ਉਤੇ ਵਿਚਾਰ-ਵਟਾਂਦਰਾ ਕੀਤਾ ਗਿਆ।
‘ਇਨਵੈਸਟਮੈਂਟ ਪ੍ਰੋਮੋਸ਼ਨ’ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਰਮਨ ਰਾਜਦੂਤ ਨੂੰ ਜਾਣੂੰ ਕਰਵਾਇਆ ਕਿ ਨਿਵੇਸ਼ ਪੰਜਾਬ ਨੇ ਪੰਜਾਬ ਵਿਚ ਕਾਰਜਸ਼ੀਲ ਜਰਮਨੀ ਦੀਆਂ ਕੰਪਨੀਆਂ ਲਈ ਜੂਨ, 2021 ਵਿੱਚ ਦੇਖਭਾਲ ਸੈਸ਼ਨ ਚਲਾਇਆ ਸੀ ਤਾਂ ਕਿ ਉਨ੍ਹਾਂ ਲਈ ਕਾਰੋਬਾਰ ਦੀ ਸਫ਼ਲਤਾ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਜਾ ਸਕੇ।