ਸਿਹਤ ਮੁਲਾਜ਼ਮਾਂ ਨੇ ਪਟਿਆਲਾ ਵਿੱਚ ਲਾਇਆ ਧਰਨਾ
ਪਟਿਆਲਾ/ਬਿਊਰੋ ਨਿਊਜ਼ : ਕਰੋਨਾ ਵਾਲੰਟੀਅਰਾਂ ਨੇ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਮੁੱਖ ਮੰਤਰੀ ਦੇ ਪਟਿਆਲਾ ਨਿਵਾਸ ਵੱਲ ਰੋਸ ਮਾਰਚ ਕੀਤਾ।
ਉਨ੍ਹਾਂ ਮੁੱਖ ਮੰਤਰੀ ਨਿਵਾਸ ਨੇੜੇ ਪੱਕਾ ਮੋਰਚਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਫੁਹਾਰਾ ਚੌਕ ਕੋਲ ਹੀ ਰੋਕ ਲਿਆ ਜਿਸ ਮਗਰੋਂ ਉਨ੍ਹਾਂ ਇੱਥੇ ਹੀ ਪ੍ਰਦਰਸ਼ਨ ਕੀਤਾ ਅਤੇ ਧਰਨਾ ਲਗਾ ਦਿੱਤਾ।
ਕਰੋਨਾ ਵਾਲੰਟੀਅਰਾਂ ਵਿੱਚ ਸ਼ਾਮਲ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਉਹ ਭਾਵੇਂ ਬੇਰੁਜ਼ਗਾਰ ਹਨ ਪਰ ਸਾਰੇ ਪੜ੍ਹੇ-ਲਿਖੇ ਅਤੇ ਕਾਇਦੇ ਕਾਨੂੰਨ ‘ਚ ਰਹਿਣ ਵਾਲੇ ਹਨ। ਜਦੋਂ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਕੋਈ ਨਾ ਕੋਈ ਅਜਿਹਾ ਰਾਹ ਅਖਤਿਆਰ ਕਰਨਾ ਪੈਂਦਾ ਹੈ ਜਿਸ ਜ਼ਰੀਏ ਉਨ੍ਹਾਂ ਦਾ ਸੁਨੇਹਾ ਸਰਕਾਰ ਤੱਕ ਪਹੁੰਚ ਸਕੇ।ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ ਉਨ੍ਹਾਂ ਮਰੀਜ਼ਾਂ ਦੀ ਸੰਭਾਲ ਕਰਨ ਸਮੇਤ ਇਸ ਸਬੰਧੀ ਲੋੜੀਂਦੀ ਹਰ ਤਰ੍ਹਾਂ ਦੀ ਡਿਊਟੀ ਅਦਾ ਕੀਤੀ। ਉਨ੍ਹਾਂ ਨੂੰ ਖੁਸ਼ੀ ਹੈ ਕਿ ਕਰੋਨਾ ਦਾ ਕਹਿਰ ਘਟਿਆ ਹੈ ਪਰ ਇਸ ਮਗਰੋਂ ਸਰਕਾਰ ਨੇ ਉਨ੍ਹਾਂ ਨੂੰ ਵਿਹਲੇ ਕਰਕੇ ਘਰਾਂ ਨੂੰ ਤੋਰ ਦਿੱਤਾ ਜਦਕਿ ਸਿਹਤ ਵਿਭਾਗ ‘ਚ ਹਜ਼ਾਰਾਂ ਹੀ ਆਸਾਮੀਆਂ ਖਾਲੀ ਪਈਆਂ ਹਨ।