2.2 C
Toronto
Thursday, January 8, 2026
spot_img
Homeਪੰਜਾਬਪੰਜਾਬ ਵਿੱਚ 26 ਤੋਂ ਖੁੱਲ੍ਹਣਗੇ ਵੱਡੀਆਂ ਜਮਾਤਾਂ ਲਈ ਸਕੂਲ

ਪੰਜਾਬ ਵਿੱਚ 26 ਤੋਂ ਖੁੱਲ੍ਹਣਗੇ ਵੱਡੀਆਂ ਜਮਾਤਾਂ ਲਈ ਸਕੂਲ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਦਰ ਘਟਣ ਦੇ ਮੱਦੇਨਜ਼ਰ ਕੋਵਿਡ-19 ਸਬੰਧੀ ਪਾਬੰਦੀਆਂ ‘ਚ ਢਿੱਲਾਂ ਦਿੱਤੀਆਂ ਹਨ ਜਿਨ੍ਹਾਂ ‘ਚ ਮੁੱਖ ਤੌਰ ‘ਤੇ ਹੁਣ 26 ਜੁਲਾਈ ਤੋਂ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਤੱਕ ਸਕੂਲ ਕੋਵਿਡ-19 ਦੇ ਨਿਯਮਾਂ ਨਾਲ ਖੋਲ੍ਹੇ ਜਾ ਸਕਣਗੇ। ਪੰਜਾਬ ਸਰਕਾਰ ਨੇ ਇਹ ਸ਼ਰਤ ਲਗਾਈ ਹੈ ਕਿ ਸਿਰਫ ਕਰੋਨਾ ਰੋਕੂ ਟੀਕੇ ਦੀਆਂ ਖੁਰਾਕਾਂ ਲਗਵਾਉਣ ਵਾਲੇ ਅਧਿਆਪਕਾਂ ਅਤੇ ਸਟਾਫ ਨੂੰ ਸਰੀਰਕ ਤੌਰ ‘ਤੇ ਹਾਜ਼ਰ ਹੋਣ ਦੀ ਪ੍ਰਵਾਨਗੀ ਮਿਲੇਗੀ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਤੌਰ ਉਤੇ ਸੂਚਿਤ ਕਰਨਾ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸਥਿਤੀ ਕਾਬੂ ਹੇਠ ਰਹੀ ਤਾਂ ਸਕੂਲਾਂ ‘ਚ ਬਾਕੀ ਕਲਾਸਾਂ ਵੀ ਇਸੇ ਤਰ੍ਹਾਂ 2 ਅਗਸਤ ਤੋਂ ਖੋਲ੍ਹਣ ਦੀ ਆਗਿਆ ਹੋਵੇਗੀ। ਮੁੱਖ ਮੰਤਰੀ ਨੇ ਕੋਵਿਡ-19 ਦੀ ਸਮੀਖਿਆ ਮੀਟਿੰਗ ‘ਚ ਪਾਬੰਦੀਆਂ ਨਰਮ ਕਰਦਿਆਂ ਅੰਦਰੂਨੀ ਇਕੱਠਾਂ ਲਈ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਵਧਾ ਕੇ 150 ਤੇ ਬਾਹਰੀ ਇਕੱਠਾਂ ਲਈ 300 ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਸਮਾਜਿਕ ਇਕੱਠਾਂ ਦੇ ਸਬੰਧ ਵਿਚ ਕਲਾਕਾਰਾਂ, ਗਾਇਕਾਂ ਨੂੰ ਅਜਿਹੇ ਸਮਾਗਮਾਂ ਲਈ ਇਜਾਜ਼ਤ ਵੀ ਦੇ ਦਿੱਤੀ ਹੈ ਅਤੇ ਉਨ੍ਹਾਂ ਨਾਲ ਹੀ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਹੈ। ਪੰਜਾਬ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀ ਵਜੋਂ ਐਮਰਜੈਂਸੀ ਕੋਵਿਡ ਰਿਸਪੌਂਸ ਲਈ 331 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਲਹਿਰ ਤੋਂ ਪਹਿਲਾਂ ਇਸੇ ਮਹੀਨੇ ਵਿਸ਼ੇਸ਼ ਤੌਰ ‘ਤੇ 6-17 ਸਾਲ ਦੀ ਉਮਰ ਦੇ ਬੱਚਿਆਂ ‘ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇ ਸ਼ੁਰੂ ਕੀਤਾ ਜਾਵੇਗਾ। ਬੱਚਿਆਂ ਨੂੰ ਆਧਾਰ ਬਣਾ ਕੇ ਸੀਰੋ ਸਰਵੇ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ।

 

RELATED ARTICLES
POPULAR POSTS