Breaking News
Home / ਪੰਜਾਬ / ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਛੱਡ ਕੇ ਕੈਪਟਨ ਦੇ ਗੜ੍ਹ ਪਟਿਆਲਾ ‘ਚ ਜਾਣ ਦੀ ਤਿਆਰੀ

ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਛੱਡ ਕੇ ਕੈਪਟਨ ਦੇ ਗੜ੍ਹ ਪਟਿਆਲਾ ‘ਚ ਜਾਣ ਦੀ ਤਿਆਰੀ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਕਾਂਗਰਸ ਦੀ ਰਾਜਨੀਤੀ ‘ਚ ਇਕ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। 2004 ‘ਚ ਪਟਿਆਲਾ ਛੱਡ ਕੇ ਗੁਰੂ ਨਗਰੀ ਅੰਮ੍ਰਿਤਸਰ ਗਏ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਜੱਦੀ ਤੇ ਸ਼ਾਹੀ ਸ਼ਹਿਰ ਪਟਿਆਲਾ ‘ਚ ਸਰਗਰਮ ਦਿਖਾਈ ਦੇ ਰਹੇ ਹਨ। ਸਿੱਧੂ ਦੇ ਤੇਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਮੁੜ ਤੋਂ ਤਿੱਖੇ ਹੋਣ ਲੱਗੇ ਹਨ। ਇੱਥੋਂ ਤੱਕ ਕਿ ਸਿੱਧੂ ਨੇ ਪਟਿਆਲਾ ‘ਚ ਆਪਣਾ ਦਫ਼ਤਰ ਵੀ ਖੋਲ੍ਹ ਲਿਆ ਹੈ ਜਿਸ ਤੋਂ ਬਾਅਦ ਸਾਰਿਆਂ ਦੀ ਨਜ਼ਰ ਸਿੱਧੂ ਦੀ ਅਗਲੀ ਰਣਨੀਤੀ ‘ਤੇ ਟਿਕ ਗਈ ਹੈ ਕਿਉਂਕਿ ਸਿੱਧੂ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚਾਹੁੰਦੇ ਸਨ ਤੇ ਕੈਪਟਨ ਇਸ ਲਈ ਤਿਆਰ ਨਹੀਂ ਹੋਏ। ਅਜਿਹੇ ‘ਚ ਹੁਣ ਚਰਚਾ ਇਸ ਗੱਲ ਬਾਰੇ ਵੀ ਹੋਣ ਲੱਗੀ ਹੈ ਕਿ ਕਿਤੇ ਸਿੱਧੂ ਸਿਆਸੀ ਪਿੱਚ ‘ਤੇ ਨਵੀਂ ਪਾਰੀ ਖੇਡਣ ਦੀ ਤਿਆਰੀ ਤਾਂ ਨਹੀਂ ਕਰ ਰਹੇ।
ਪੰਜਾਬ ‘ਚ ਮੌਜੂਦਾ ਸਮੇਂ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਸਿੱਧੂ ਦਾ ਕੀ ਹੋਵੇਗਾ ਕਿਉਂਕਿ ਕਾਂਗਰਸ ਨਾਲ ਉਨ੍ਹਾਂ ਦੀ ਬਣ ਨਹੀਂ ਰਹੀ ਤੇ ਭਾਜਪਾ ਨੇ ਆਪਣੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਵੀ ਸਿੱਧੂ ‘ਚ ਰੁਚੀ ਨਹੀਂ ਰੱਖ ਰਹੀ। ਅਜਿਹੇ ‘ਚ ਸਿੱਧੂ ਕੀ ਆਪਣੀ ਪਾਰਟੀ ਬਣਾਉਣਗੇ ਜਾਂ ਚੌਥੀ ਪਾਰਟੀ ਦੀ ਬਣਾਈ ਪਿੱਚ ‘ਤੇ ਬੱਲੇਬਾਜ਼ੀ ਕਰਨਗੇ, ਕਿਉਂਕਿ ਸਿੱਧੂ ਜੋੜੀ ਨੇ ਪਟਿਆਲਾ ‘ਚ ਆਪਣੀ ਸਰਗਰਮੀ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ 2004 ‘ਚ ਸਿੱਧੂ ਦੇ ਸਿਆਸੀ ਗੁਰੂ ਰਹੇ ਮਰਹੂਮ ਅਰੁਣ ਜੇਤਲੀ ਦੇ ਕਹਿਣ ‘ਤੇ ਨਵਜੋਤ ਨੇ ਪਟਿਆਲਾ ਛੱਡ ਕੇ ਅੰਮ੍ਰਿਤਸਰ ‘ਚ ਆਪਣਾ ਰੈਣ ਬਸੇਰਾ ਬਣਾ ਲਿਆ ਸੀ। ਇਸ ਤੋਂ ਬਾਅਦ ਸਿੱਧੂ ਨੇ ਰਾਜਨੀਤੀ ‘ਚ ਦਮਦਾਰ ਓਪਨਿੰਗ ਕੀਤੀ ਅਤੇ ਕਾਂਗਰਸੀ ਨੇਤਾ ਰਘੁਨੰਦਨ ਲਾਲ ਭਾਟੀਆ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਸਿੱਧੂ ਗੁਰੂ ਨਗਰੀ ‘ਚ ਹੀ ਵਸ ਗਏ। ਇੱਥੋਂ ਉਨ੍ਹਾਂ ਲੋਕ ਸਭਾ ਦੀ ਇਕ ਉਪ ਚੋਣ ਅਤੇ 2009 ਦੀ ਆਮ ਚੋਣ ਭਾਜਪਾ ਟਿਕਟ ‘ਤੇ ਜਿੱਤੀ ਪਰ ਹਰ ਵਾਰ ਉਨ੍ਹਾਂ ਦੀ ਜਿੱਤ ਦਾ ਫ਼ਰਕ ਘੱਟ ਹੁੰਦਾ ਗਿਆ।
2014 ‘ਚ ਭਾਜਪਾ ਨੇ ਸਿੱਧੂ ਨੂੰ ਹਰਿਆਣਾ ਤੋਂ ਚੋਣ ਲੜਨ ਲਈ ਕਿਹਾ ਪਰ ਉਨ੍ਹਾਂ ਇਹ ਕਹਿੰਦੇ ਹੋਏ ਇਸ ਤੋਂ ਮਨ੍ਹਾ ਕਰ ਦਿੱਤਾ ਕਿ ਉਹ ਗੁਰੂ ਨਗਰੀ ਨੂੰ ਛੱਡ ਕੇ ਨਹੀਂ ਜਾਣਗੇ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਪਰ ਬਾਅਦ ‘ਚ ਉਨ੍ਹਾਂ ਉਥੋਂ ਵੀ ਅਸਤੀਫਾ ਦੇ ਦਿੱਤਾ ਤੇ ਕਾਂਗਰਸ ‘ਚ ਸ਼ਾਮਲ ਹੋ ਗਏ। 2017 ‘ਚ ਸਿੱਧੂ ਕਾਂਗਰਸ ਦੀ ਟਿਕਟ ‘ਤੇ ਅੰਮ੍ਰਿਤਸਰ ਵੈਸਟ ਤੋਂ ਚੋਣ ਜਿੱਤੇ। ਕੈਬਿਨਟ ‘ਚ ਉਨ੍ਹਾਂ ਨੂੰ ਤਿੰਨ ਨੰਬਰ ਦਾ ਸਥਾਨ ਮਿਲਿਆ। 2019 ਦੀਆਂ ਲੋਕ ਸਭਾ ਚੋਣਾਂ ‘ਚ ਪਹਿਲਾਂ ਸਿੱਧੂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਣਬਣ ਸ਼ੁਰੂ ਹੋ ਗਈ। ਚੋਣਾਂ ਤੋਂ ਬਾਅਦ ਜਦੋਂ ਮੁੱਖ ਮੰਤਰੀ ਨੇ ਮੰਤਰੀਆਂ ਦੇ ਵਿਭਾਗ ‘ਚ ਬਦਲਾਅ ਕੀਤਾ ਤਾਂ ਇਸ ਤੋਂ ਨਾਰਾਜ਼ ਹੋ ਕੇ ਸਿੱਧੂ ਨੇ ਕੈਬਿਨਟ ਤੋਂ ਅਸਤੀਫ਼ਾ ਦੇ ਦਿੱਤਾ। ਉਦੋਂ ਤੋਂ ਹੀ ਕਾਂਗਰਸ ‘ਚ ਸਿੱਧੂ ਨੂੰ ਉਹ ਸਨਮਾਨ ਨਹੀਂ ਮਿਲਿਆ ਜਾਂ ਉਨ੍ਹਾਂ ਗੁਆਇਆ ਸੀ।
ਉਧਰ, 2022 ਦੀਆਂ ਚੋਣਾਂ ਲਈ ਜਿਵੇਂ-ਜਿਵੇਂ ਸਮਾਂ ਅੱਗੇ ਵੱਧ ਰਿਹਾ ਹੈ, ਸਿੱਧੂ ਨੇ ਪਟਿਆਲਾ ਸੀਟ ‘ਤੇ ਆਪਣੀ ਸਰਗਰਮੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਬੀਤੇ 15 ਸਾਲਾਂ ‘ਚ ਅਜਿਹਾ ਕਦੇ ਵੀ ਨਹੀਂ ਹੋਇਆ। ਅਜਿਹੇ ‘ਚ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੀ ਸਿੱਧੂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ ਨਾਲ 2022 ‘ਚ ਮੁੱਖ ਮੰਤਰੀ ਨੂੰ ਪਟਿਆਲਾ ‘ਚ ਚੁਣੌਤੀ ਦੇਣਗੇ ਕਿਉਂਕਿ ਇਸ ਸੀਟ ‘ਤੇ ਪਿਛਲੇ ਢਾਈ ਦਹਾਕਿਆਂ ਤੋਂ ਰਾਜਘਰਾਣੇ ਦਾ ਕਬਜ਼ਾ ਰਿਹਾ ਹੈ। 2014 ‘ਚ ਜਦੋਂ ਪੰਜਾਬ ‘ਚ ਆਮ ਆਦਮੀ ਪਾਰਟੀ ਦਾ ਉਭਾਰ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਕੱਦਾਵਰ ਨੇਤਾ ਅਰੁਣ ਜੇਤਲੀ ਖ਼ਿਲਾਫ਼ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਸਨ, ਉਦੋਂ ਆਮ ਆਦਮੀ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਹਰਾ ਕੇ ਚੌਥੀ ਲਗਾਤਾਰ ਜਿੱਤ ਤੋਂ ਮਹਿਰੂਮ ਕਰ ਦਿੱਤਾ ਸੀ, ਜਦੋਂਕਿ ਕੈਪਟਨ ਲਗਾਤਾਰ ਚਾਰ ਵਾਰ ਪਟਿਆਲਾ ਸੀਟ ਤੋਂ ਜਿੱਤ ਰਹੇ ਹਨ। ਹਾਲਾਂਕਿ ਇਸ ਸੀਟ ‘ਤੇ 1977 ਅਤੇ 1998 ਦੀਆਂ ਲੋਕ ਸਭਾ ਚੋਣਾਂ ‘ਚ ਕੈਪਟਨ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਟਿਆਲਾ ਸੀਟ ‘ਤੇ ਰਾਜਘਰਾਣੇ ਦਾ ਕਬਜ਼ਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਮਾਂ ਮਰਹੂਮ ਮਹਿੰਦਰ ਕੌਰ ਨੇ 1967 ‘ਚ ਇਸ ਸੀਟ ‘ਤੇ ਜਿੱਤ ਹਾਸਲ ਕੀਤੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਵੱਲੋਂ ਪਟਿਆਲਾ ‘ਚ ਸਰਗਰਮੀ ਵਧਾਉਣਾ ਇਸ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ ਕਿ ਜੇ 2022 ਤਕ ਕਾਂਗਰਸ ਦੀ ਸਥਿਤੀ ਉਨ੍ਹਾਂ ਦੇ ਮਨ ਮੁਤਾਬਕ ਨਾ ਬਣੀ ਤਾਂ ਪਟਿਆਲਾ ਤੋਂ ਕੈਪਟਨ ਨੂੰ ਸਿੱਧੀ ਚੁਣੌਤੀ ਦਿੱਤੀ ਜਾ ਸਕੇ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …