Breaking News
Home / ਪੰਜਾਬ / ਜੱਲ੍ਹਿਆਂਵਾਲਾ ਬਾਗ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕੇ ਜਾਣ ਖਿਲਾਫ ਪ੍ਰਦਰਸ਼ਨ

ਜੱਲ੍ਹਿਆਂਵਾਲਾ ਬਾਗ ‘ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕੇ ਜਾਣ ਖਿਲਾਫ ਪ੍ਰਦਰਸ਼ਨ

ਲੰਘੇ ਇਕ ਸਾਲ ਤੋਂ ਆਮ ਲੋਕਾਂ ਲਈ ਬੰਦ ਹੈ ਜੱਲਿਆਂਵਾਲਾ ਬਾਗ
ਅੰਮ੍ਰਿਤਸਰ : ਅੰਮ੍ਰਿਤਸਰ ਸਥਿਤ ਜੱਲ੍ਹਿਆਂਵਾਲਾ ਬਾਗ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਖੋਲੇ ਨਾ ਜਾਣ ਕਾਰਨ ਰੋਹ ‘ਚ ਆਏ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਵੱਲੋਂ ਜੱਲ੍ਹਿਆਂਵਾਲਾ ਬਾਗ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਇਥੇ ਨੇੜੇ ਚੌਕ ਵਿਚ ਬਣੇ ਸ਼ਹੀਦੀ ਸਮਾਰਕ ‘ਤੇ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜੱਲ੍ਹਿਆਂਵਾਲਾ ਬਾਗ ਪਿਛਲੇ ਵਰ੍ਹੇ ਫਰਵਰੀ 2020 ਤੋਂ ਉਸਾਰੀ ਕਾਰਜਾਂ ਕਾਰਨ ਆਮ ਲੋਕਾਂ ਲਈ ਬੰਦ ਹੈ। ਇਸ ਤੋਂ ਬਾਅਦ ਕਰੋਨਾ ਦੇ ਵਧਦੇ ਕੇਸਾਂ ਕਾਰਨ ਇਸਨੂੰ ਹੁਣ ਤੱਕ ਲੋਕਾਂ ਵਾਸਤੇ ਨਹੀਂ ਖੋਲ੍ਹਿਆ ਗਿਆ।
ਜੱਲ੍ਹਿਆਂਵਾਲਾ ਬਾਗ ਸਾਕੇ ਦੀ 102ਵੀਂ ਬਰਸੀ ਮੌਕੇ ਸ਼ਹੀਦਾਂ ਦੇ ਪਰਿਵਾਰ, ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰ, ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਦੇ ਕਾਰਕੁਨ ਤੇ ਹੋਰ ਵਿਸਾਖੀ ਵਾਲੇ ਦਿਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਪਰ ਇਥੇ ਦਰਵਾਜ਼ੇ ਬੰਦ ਸਨ। ਲੋਕਾਂ ਨੇ ਪ੍ਰਬੰਧਕਾਂ ਨੂੰ ਦਰਵਾਜ਼ੇ ਖੋਲਣ ਵਾਸਤੇ ਆਖਿਆ ਤੇ ਦਰਵਾਜ਼ੇ ਨਾ ਖੁੱਲਣ ‘ਤੇ ਰੋਸ ਵਜੋਂ ਮੁਖ ਗੇਟ ਦੇ ਬਾਹਰ ਧਰਨਾ ਦੇ ਦਿੱਤਾ। ਸ਼ਹੀਦ ਪਰਿਵਾਰਾਂ ਦੇ ਜੀਆਂ ਵਿਚ ਸ਼ਾਮਲ ਸੁਨੀਲ ਕਪੂਰ ਨੇ ਦੱਸਿਆ ਕਿ ਉਸਦੇ ਪੜਦਾਦਾ ਲਾਲਾ ਵਾਸੂਮੱਲ ਕਪੂਰ ਨੂੰ ਇਸ ਸਾਕੇ ਵੇਲੇ ਦੋ ਗੋਲੀਆਂ ਵੱਜੀਆਂ ਸਨ ਤੇ ਉਹ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ‘ਚ ਸਰਕਾਰ ਪ੍ਰਤੀ ਰੋਹ ਹੈ। ਉਨ੍ਹਾਂ ਕਿਹਾ ਕਿ ਸ਼ਰਧਾਂਜਲੀ ਦੇਣ ਲਈ ਕੁਝ ਸਮੇਂ ਵਾਸਤੇ ਗੇਟ ਖੋਲ੍ਹੇ ਜਾ ਸਕਦੇ ਸਨ। ਇਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਹਰਜੀਤ ਸਿੰਘ ਝੀਤਾ ਨੇ ਕਿਹਾ ਕਿ ਜੇ ਸਰਕਾਰ ਨੇ ਇਥੇ ਟਿਕਟ ਲਾਈ ਜਾਂ ਇਸਨੂੰ ਨਿੱਜੀ ਹੱਥਾਂ ‘ਚ ਦਿੱਤਾ ਤਾਂ ਇਸ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਸਮਾਰਕ ਨੂੰ ਲੋਕਾਂ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਣਾ ਨਹੀਂ ਚਾਹੀਦਾ ਸੀ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ ਪਰ ਗੇਟ ਬੰਦ ਹੋਣ ਕਾਰਨ ਉਨ੍ਹਾਂ ਬਾਹਰੋਂ ਹੀ ਸ਼ਹੀਦਾਂ ਨੂੰ ਸਿਜਦਾ ਕੀਤਾ ਤੇ ਪ੍ਰਬੰਧਕਾਂ ਨੂੰ ਸੁਮਤ ਬਖਸ਼ਣ ਦੀ ਅਪੀਲ ਕੀਤੀ।

 

Check Also

ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਵਿਧਾਨ ਸਭਾ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸਿਹਰਾ ’ਚ ਵਾਪਰੀ ਘਟਨਾ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …