ਫਰੀਦਕੋਟ : ਕਾਂਗਰਸੀ ਵਿਧਾਇਕ ਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਵਿਸਾਖੀ ਦੇ ਦਿਹਾੜੇ ਮੌਕੇ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿਚ ਮੱਥਾ ਟੇਕ ਕੇ ਪੰਜਾਬ ਦੀ ਸਿਆਸਤ ‘ਚ ਹਲਚਲ ਪੈਦਾ ਕਰ ਦਿੱਤੀ ਹੈ। ਨਵਜੋਤ ਸਿੱਧੂ ਨੇ ਆਪਣੀ ਇਸ ਫੇਰੀ ਮੌਕੇ ਅਸਿੱਧੇ ਤੌਰ ‘ਤੇ ਪੰਜਾਬ ਸਰਕਾਰ ਨੂੰ ਨਿਸ਼ਾਨੇ ‘ਤੇ ਰੱਖਿਆ। ਵਿਸਾਖੀ ਮੌਕੇ ਨਵਜੋਤ ਸਿੱਧੂ ਦਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਉਸ ਗੁਰੂ ਘਰ ਵਿਚ ਪੁੱਜਣਾ, ਜਿੱਥੋਂ ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ, ਸਿਆਸੀ ਮਾਅਨੇ ਰੱਖਦਾ ਹੈ। ਸਿੱਧੂ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਅਤੇ ਬੇਕਸੂਰ ਸੰਗਤਾਂ ਉੱਪਰ ਗੋਲੀਆਂ ਚਲਾਉਣ ਦੀ ਸਾਜ਼ਿਸ਼ ਬੇਨਕਾਬ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਗੋਲੀ ਕਾਂਡ ਦੀ ਸਾਜਿਸ਼ ਰਚਣ ਵਾਲੇ ਮੁੱਖ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ।
ਸਿੱਧੂ ਦੀ ਇਸ ਫੇਰੀ ਬਾਰੇ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਜਾਂ ਕਾਂਗਰਸ ਦੇ ਆਗੂਆਂ ਨੂੰ ਕੋਈ ਜਾਣਕਾਰੀ ਨਹੀਂ ਸੀ।
ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਪਿੰਡ ਦੇ ਗੁਰੂ ਘਰ ਵਿਚ ਮੱਥਾ ਟੇਕਿਆ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਦਅਬੀ ਮਾਮਲੇ ‘ਚ ਪੌਣੇ ਛੇ ਸਾਲਾਂ ਮਗਰੋਂ ਵੀ ਇਨਸਾਫ ਨਾ ਮਿਲਣ ਨੂੰ ਲੈ ਕੇ ਬਿਨਾਂ ਨਾਮ ਲਏ ਆਪਣੀ ਪਾਰਟੀ ਦੀ ਹਕੂਮਤ ‘ਤੇ ਵੀ ਉਂਗਲ ਚੁੱਕੀ।
ਸਿੱਧੂ ਨੇ ਮੰਗ ਕੀਤੀ ਕਿ ਬੇਅਦਬੀ ਮਾਮਲੇ ਨਾਲ ਜੁੜੀ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਾਲੀ ‘ਸਿੱਟ’ ਦੀ ਰਿਪੋਰਟ ਅਤੇ ਨਸ਼ਾ ਤਸ਼ਕਰੀ ਨਾਲ ਸਬੰਧਤ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਐੱਸਟੀਐੱਫ ਦੀ ਜਾਂਚ ਰਿਪੋਰਟ ਜਨਤਕ ਕੀਤੀ ਜਾਵੇ। ਸਿੱਧੂ ਨੇ ਕਿਹਾ ਕਿ ਜਿਵੇਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਵਿਚ ਜਨਤਕ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ‘ਸਿੱਟ’ ਦੀ ਰਿਪੋਰਟ ਵੀ ਨਸ਼ਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਰੀਬ ਪੌਣੇ ਛੇ ਸਾਲ ਹੋ ਚੱਲੇ ਹਨ ਤੇ ਪੰਜਾਬ ਇਨ੍ਹਾਂ ਮਾਮਲਿਆਂ ‘ਚ ਇਨਸਾਫ ਉਡੀਕ ਰਿਹਾ ਹੈ।
ਸਿੱਧੂ ਨੇ ਪੰਜਾਬ ਪੁਲਿਸ ਦੀ ਪਿੱਠ ਥਾਪੜੀ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਾਡੇ ਸੂਬੇ ਦੀ ਪੁਲਿਸ ਬਹੁਤ ਕਾਬਿਲ ਹੈ ਤੇ ਇਸ ‘ਤੇ ਸਾਨੂੰ ਪੂਰਾ ਭਰੋਸਾ ਹੈ। ਇਕ ਘਟਨਾ ਦਾ ਜ਼ਿਕਰ ਕਰਦਿਆਂ ਸਿੱਧੂ ਨੇ ਆਖਿਆ ਕਿ ਮੈਂਬਰ ਪਾਰਲੀਮੈਂਟ ਹੁੰਦਿਆਂ ਉਨ੍ਹਾਂ ਨੂੰ ਇਕ ਦੋਸਤ ਅੰਮ੍ਰਿਤਸਰ ਮਿਲਣ ਆਇਆ ਤਾਂ ਕਿਸੇ ਨੇ ਉਸ ਦੀ ਜੇਬ ਕੱਟ ਲਈ ਸੀ। ਉਨ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਫ਼ੋਨ ਕਰਕੇ ਦੱਸਿਆ ਤਾਂ ਉਨ੍ਹਾਂ ਦੀ ਪੁਲਿਸ ਨੇ ਸਿਰਫ ਦੋ ਘੰਟੇ ਅੰਦਰ ਹੀ ਪਰਸ ਲੱਭ ਕੇ ਮਾਲਕ ਤੱਕ ਪਹੁੰਚਾ ਦਿੱਤਾ ਸੀ।
ਕੈਪਟਨ ਅਮਰਿੰਦਰ ਨੇ ਜਾਂਚ ਦੇ ਨਾਂ ‘ਤੇ ਪੰਥ ਨਾਲ ਗੱਦਾਰੀ ਕੀਤੀ: ਢੀਂਡਸਾ
ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਮੰਦਭਾਗਾ ਦੱਸਿਆ ਹੈ। ਧਿਆਨ ਰਹੇ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ। ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਉਨ੍ਹਾਂ ਆਰੋਪ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਗੰਢਤੁੱਪ ਹੋਣ ਕਾਰਨ ਹੀ ਸਿੱਖ ਪੰਥ ਨੂੰ ਇਸ ਮਾਮਲੇ ਵਿੱਚ ਨਿਰਾਸ਼ਾ ਝੱਲਣੀ ਪੈ ਰਹੀ ਹੈ।
ਐੱਸਆਈਟੀ ਭੰਗ ਕਰਨ ਦੇ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਜਾਵੇ ਸੂਬਾ ਸਰਕਾਰ : ਖਹਿਰਾ
ਜਲੰਧਰ : ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਦੇਰ ਕੀਤੇ ਹਾਈਕੋਰਟ ਦੇ ਐੱਸਆਈਟੀ ਭੰਗ ਕਰਨ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮੁਲਜ਼ਮ ਬਾਹਰ ਨਹੀਂ ਘੁੰਮਣੇ ਚਾਹੀਦੇ। ਉਨ੍ਹਾਂ ਕਿਹਾ ਕਿ ਕੋਟਕਪੂਰਾ ਕਾਂਡ ਬਾਰੇ ਬਣੀ ਐੱਸਆਈਟੀ ਨੂੰ ਭੰਗ ਕੀਤੇ ਜਾਣ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।