ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨੀ ਮੁੱਦੇ ‘ਤੇ ਪਿਛਲੇ ਦਿਨੀਂ ਸਰਬ ਪਾਰਟੀ ਮੀਟਿੰਗ ਵਿਚ ਆਮ ਆਦਮੀ ਪਾਰਟੀ ਵਲੋਂ ਵਾਕ ਆਊਟ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਕੈਪਟਨ ਨੇ ਕਿਹਾ ਕਿ ‘ਆਪ’ ਦਾ ਦੋਗਲਾ ਚਿਹਰਾ ਬੇਪਰਦ ਹੋਣ ਨਾਲ ਲੋਕਾਂ ਨੂੰ ਇਹੋ ਜਿਹੀ ਪਾਰਟੀ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, ਜਿਸ ਦਾ ਮੁਖੀ ਆਨ ਰਿਕਾਰਡ ਖੇਤੀ ਕਾਨੂੰਨਾਂ ਨੂੰ 70 ਸਾਲਾਂ ਵਿਚ ਖੇਤੀਬਾਹੜੀ ਖੇਤਰ ਵਿਚ ਸਭ ਤੋਂ ਕ੍ਰਾਂਤੀਕਾਰੀ ਕਦਮ ਦੱਸ ਚੁੱਕਾ ਹੋਵੇ। ਕੈਪਟਨ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਵਿਚੋਂ ਵਾਕ ਆਊਟ ਕਰ ਜਾਣ ਨਾਲ ਨਾ ਸਿਰਫ ਇਸ ਪਾਰਟੀ ਦਾ ਅਸਲ ਕਿਰਦਾਰ ਸਾਹਮਣੇ ਆਇਆ, ਸਗੋਂ ਅਰਵਿੰਦ ਕੇਜਰੀਵਾਲ ਦੀ ਵੀਡੀਓ ਨੇ ‘ਆਪ’ ਆਗੂਆਂ ਦੇ ਝੂਠ ਦਾ ਪਰਦਾਫਾਸ਼ ਕਰ ਦਿੰਤਾ ਹੈ। ਇਕ ਮੀਡੀਆ ਇੰਟਰਵਿਊ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਖੇਤੀ ਕਾਨੂੰਨਾਂ ਦੇ ਫਾਇਦੇ ਦੱਸ ਰਹੇ ਹਨ। ਵੀਡੀਓ ਨਾਲ ਛੇੜਛਾੜ ਹੋਣ ਦੇ ਕੀਤੇ ਜਾ ਰਹੇ ‘ਆਪ’ ਦੇ ਦਾਅਵੇ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਹਿਰਾਸਤ ਵਿਚ ਲਏ ਕਿਸਾਨਾਂ ਦੀ ਸੂਚੀ ਜਾਰੀ ਕਰਨ ਵਿਚ ਇਕ ਹਫਤੇ ਤੋਂ ਵੀ ਵੱਧ ਸਮਾਂ ਲਗਾ ਦਿੱਤਾ, ਜੋ ਕਿ ਤਿਹਾੜ ਜੇਲ੍ਹ ਵਿਚ ਬੰਦ ਹਨ, ਜਿਹੜੀ ਕਿ ਉਨ੍ਹਾਂ ਦੇ ਆਪਣੇ ਕੰਟਰੋਲ ਵਿਚ ਹੈ।
26 ਦੀ ਹਿੰਸਾ ਵਿਚ ‘ਆਪ’ ਦੀ ਭਾਜਪਾ ਨਾਲ ਸੀ ਗੰਢਤੁੱਪ : 26 ਜਨਵਰੀ ਨੂੰ ਹਿੰਸਾ ਦੌਰਾਨ ਲਾਲ ਕਿਲ੍ਹੇ ਵਿਖੇ ‘ਆਪ’ ਦੇ ਪੰਜਾਬ ਦੇ ਮੈਂਬਰ ਅਮਰੀਕ ਮਿੱਕੀ ਦੀ ਮੌਜੂਦਗੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਅਸਥਿਰ ਅਤੇ ਸਾਬੋਤਾਜ਼ ਕਰਨ ਦੀ ਸਾਜਿਸ਼ ਵਿਚ ਇਸ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨਾਲ ਗੰਢਤੁੱਪ ਸੀ। ਉਨ੍ਹਾਂ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਉਹ ਪਾਰਟੀ ਜਿਹੜੀ ਦਿੱਲੀ ਦੀ ਸੱਤਾ ਵਿਚ ਹੋਣ ਦੇ ਬਾਵਜੂਦ ਆਪਣੀ ਜਾਇਦਾਦ ਦੀ ਕੋਈ ਰਾਖੀ ਨਹੀਂ ਕਰ ਸਕੀ, ਉਹ ਕਿਸਾਨ ਪੱਖੀ ਮੀਟਿੰਗ ਵਿਚੋਂ ਇਸ ਗੱਲ ‘ਤੇ ਵਾਕਆਊਟ ਕਰ ਗਈ ਕਿ ਸਾਡੀ ਪੁਲਿਸ ਸਾਰੇ ਨਿਯਮਾਂ ਤੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੇ ਸੂਬੇ ਵਿੱਚ ਭੇਜੀ ਜਾਵੇ।
ਕੇਜਰੀਵਾਲ ਨੇ ਕੈਪਟਨ ਦੇ ਦੋਸ਼ਾਂ ਨੂੰ ਨਕਾਰਿਆ
ਚੰਡੀਗੜ੍ਹ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕੈਪਟਨ ਵਲੋਂ ਜਾਰੀ ਵੀਡੀਓ ਨੂੰ ਐਡਿਟ ਕੀਤੇ ਤੇ ਫਰਜ਼ੀ ਵੀਡੀਓ ਦੱਸਿਆ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕੈਪਟਨ ਨੇ ਆਪਣੀ ਰਾਜਨੀਤਕ ਹੋਂਦ ਬਚਾਉਣ ਲਈ ਗੰਦੀ ਰਾਜਨੀਤੀ ਦਾ ਸਹਾਰਾ ਲਿਆ ਹੈ। ਕੇਜਰੀਵਾਲ ਨੇ ਮੀਡੀਆ ਨੂੰ ਇਸ ਤਰ੍ਹਾਂ ਦੀ ਵੀਡੀਓ ਨਾ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਵੀਡੀਓ ਨੂੰ ਵਾਪਸ ਨਾ ਲਿਆ ਤੇ ਮਾਫੀ ਨਾ ਮੰਗੀ ਤਾਂ ਉਹ ਕਾਨੂੰਨੀ ਕਾਰਵਾਈ ਤਹਿਤ ਮਾਣਹਾਨੀ ਦਾ ਦਾਅਵਾ ਕਰਨਗੇ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …